ਪਾਤੜਾਂ, 22 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਐਗਜ਼ੈਕਟਿਵ ਮੈਂਬਰ ਨਰਿੰਦਰ ਸਿੰਘ ਬਜਾਜ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਹੜ੍ਹ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕੀਤਾ ਉਸ ਤੋਂ ਪੰਜਾਬ ਦੀ ਜਨਤਾ ਸੁਖਬੀਰ ਸਿੰਘ ਬਾਦਲ ਦੇ ਇਸ ਕੰਮ ਤੋਂ ਪ੍ਰਭਾਵਿਤ ਹੋਈ ਹੈ ਜਿਸ ਨੂੰ ਦੇਖਦਿਆਂ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ ਜਿਸ ਨੂੰ ਦੇਖਦਿਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਲਗਭਗ ਤੈਅ ਹੈ | ਬਜਾਜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਰੈਲੀਆਂ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਵਿਰੋਧੀ ਕੰਮਾਂ ਦੀ ਪੋਲ ਖੋਲ੍ਹੀ ਜਾ ਰਹੀ ਹੈ ਅਤੇ 2027 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਲੋਕਾਂ ਲਈ ਜੋ ਸਹੂਲਤਾਂ ਦਿੱਤੀਆਂ ਜਾਣਗੀਆਂ ਉਸ ਸੰਬੰਧੀ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਲੋਕਾਂ ਦਾ ਹੜ੍ਹ ਆਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਭਲੇ ਲਈ ਅਤੇ ਪੰਜਾਬ ਦੇ ਹੱਕਾਂ ਖ਼ਾਤਰ ਡਟ ਕੇ ਲੜਾਈਆਂ ਲੜੀਆਂ ਹਨ ਇਸ ਲਈ ਪੰਜਾਬ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੀ ਤਰੱਕੀ ਦੀਆਂ ਲੀਹਾਂ 'ਤੇ ਤੁਰ ਸਕਦਾ ਹੈ | ਇਸ ਮੌਕੇ ਇਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਯਾਦਵਿੰਦਰ ਸਿੰਘ ਨਿਆਲ, ਕਾਕਾ ਸਿੰਘ, ਗਗਨਦੀਪ ਸਿੰਘ, ਸੁਖਦੇਵ ਸਿੰਘ, ਹਰਚਰਨ ਸਿੰਘ, ਹਰਮੇਲ ਸਿੰਘ, ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |