ਨਾਭਾ, 23 ਫਰਵਰੀ (ਕਰਮਜੀਤ ਸਿੰਘ)-ਆਰਮੀ ਕੋਰ ਆਫ਼ ਸਿਗਨਲਜ਼ ਦੇ 116ਵੇਂ ਸਥਾਪਨਾ ਦਿਵਸ ਦੀ ਯਾਦ ਵਿਚ ਮੋਟਰਸਾਈਕਲ ਰੈਲੀ ਸਾਬਕਾ ਸੈਨਿਕਾਂ ਅਤੇ ਯੁੱਧ ਨਾਇਕਾਂ ਦਾ ਸਨਮਾਨ ਕਰਨ ਅਤੇ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਨ ਲਈ ਪ੍ਰੇਰਿਤ ਕਰਨ ਲਈ ਚੱਲ ਰਹੀ ਹੈ | ਕਰਨਲ ਰਾਜੀਵ ਕੁਮਾਰ ਦੀ ਅਗਵਾਈ ਵਿਚ ਦਸ ਫ਼ੌਜ ਦੇ ਜਵਾਨਾਂ ਦੀ ਇਕ ਟੀਮ ਲਗਭਗ 2000 ਕਿੱਲੋਮੀਟਰ ਦੀ ਦੂਰੀ ਤੈਅ ਕਰ ਰਹੀ ਹੈ | ਇਹ ਰੈਲੀ 15 ਫਰਵਰੀ ਨੂੰ ਦਿੱਲੀ ਤੋਂ ਸ਼ੁਰੂ ਹੋਈ ਸੀ ਅਤੇ ਹਿਸਾਰ, ਮੰਡੀ ਡੱਬਵਾਲੀ, ਅਬੋਹਰ, ਅੰਮਿ੍ਤਸਰ, ਨਾਭਾ, ਚੰਡੀਗੜ੍ਹ ਅਤੇ ਦੇਹਰਾਦੂਨ ਵਿਚੋਂ ਲੰਘਦੀ ਹੋਈ ਮੇਰਠ ਵਿਖੇ ਸਮਾਪਤ ਹੋਵੇਗੀ | ਇਹ ਰੈਲੀ ਬੀਤੇ ਕੱਲ੍ਹ ਪੰਜਾਬ ਪਬਲਿਕ ਸਕੂਲ ਨਾਭਾ ਪਹੁੰਚੀ | ਲੈਫ਼ਟੀਨੈਂਟ ਕਰਨਲ ਅਰਚਨਾ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੋਰ ਆਫ਼ ਸਿਗਨਲਜ ਦੀ ਮਹੱਤਵਪੂਰਨ ਭੂਮਿਕਾ ਅਤੇ ਕਾਰਜਸ਼ੀਲਤਾ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਭਾਰਤੀ ਫ਼ੌਜ ਦੀ ਤਾਕਤ ਅਤੇ ਪੇਸ਼ੇਵਰਤਾ 'ਤੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਫ਼ੌਜ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ | ਸਕੂਲ ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਨੇ ਟੀਮ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਟੀਮ ਦਾ ਧੰਨਵਾਦ ਪ੍ਰਗਟ ਕੀਤਾ |