ਦੇਵੀਗੜ੍ਹ, 24 ਫਰਵਰੀ (ਰਾਜਿੰਦਰ ਸਿੰਘ ਮੌਜੀ)-ਪੰਜਾਬ ਸਰਕਾਰ ਵਲੋਂ ਸੂਬੇ 'ਚ 'ਸਿੱਖਿਆ ਕ੍ਰਾਂਤੀ' ਲਿਆਉਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਜ਼ਮੀਨੀ ਪੱਧਰ 'ਤੇ ਖੋਖਲੇ ਸਾਬਤ ਹੋ ਰਹੇ ਹਨ | ਇਸ ਦੀ ਤਾਜ਼ਾ ਮਿਸਾਲ ਦੇਵੀਗੜ੍ਹ ਇਲਾਕੇ ਦੇ ਸਰਕਾਰੀ ਮਿਡਲ ਸਕੂਲ ਕਛਵਾ ਤੋਂ ਮਿਲਦੀ ਹੈ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਭਾਰੀ ਕਮੀ ਕਾਰਨ ਬੱਚਿਆਂ ਦਾ ਭਵਿੱਖ ਹਨੇਰੇ 'ਚ ਡੁੱਬਦਾ ਨਜ਼ਰ ਆ ਰਿਹਾ ਹੈ | ਹੈਰਾਨੀ ਦੀ ਗੱਲ ਹੈ ਕਿ ਇਸ ਸਕੂਲ 'ਚ 40 ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸਿਰਫ ਇਕੋ ਅਧਿਆਪਕ ਦੇ ਮੋਢਿਆਂ 'ਤੇ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਸਕੂਲ 'ਚ ਅਧਿਆਪਕਾਂ ਦੀਆਂ ਕੁਲ ਚਾਰ ਆਸਾਮੀਆਂ ਸਨ, ਜਿਨ੍ਹਾਂ 'ਚੋਂ ਤਿੰਨ ਆਸਾਮੀਆਂ ਸਤੰਬਰ 2025 ਤੋਂ ਲਗਾਤਾਰ ਖਾਲੀ ਪਈਆਂ ਹਨ | ਇਕੋ ਅਧਿਆਪਕ ਵਲੋਂ ਸਾਰੀਆਂ ਜਮਾਤਾਂ (ਛੇਵੀਂ ਤੋਂ ਅੱਠਵੀਂ) ਨੂੰ ਸੰਭਾਲਣਾ ਅਤੇ ਸਾਰੇ ਵਿਸ਼ੇ ਪੜ੍ਹਾਉਣਾ ਅਸੰਭਵ ਹੋ ਰਿਹਾ ਹੈ | ਇਸ ਦੇ ਨਾਲ ਹੀ ਸਕੂਲ ਦੇ ਪ੍ਰਬੰਧਕੀ ਕੰਮਾਂ ਅਤੇ ਡਾਕ ਦੀ ਵਜ੍ਹਾ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਹੋਰ ਵੀ ਨੁਕਸਾਨ ਹੋ ਰਿਹਾ ਹੈ | ਸਕੂਲ 'ਚ ਅਧਿਆਪਕਾਂ ਦੀ ਕਮੀ ਦਾ ਸਿੱਧਾ ਅਸਰ ਬੱਚਿਆਂ ਦੀ ਗਿਣਤੀ 'ਤੇ ਦੇਖਣ ਨੂੰ ਮਿਲ ਰਿਹਾ ਹੈ | ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਸਕੂਲ 'ਚ ਪੜ੍ਹਾਉਣ ਵਾਲੇ ਹੀ ਨਹੀਂ ਹੋਣਗੇ, ਤਾਂ ਉਹ ਆਪਣੇ ਬੱਚਿਆਂ ਨੂੰ ਇੱਥੇ ਕਿਉਂ ਭੇਜਣ? ਅਧਿਆਪਕ ਨਾ ਹੋਣ ਕਾਰਨ ਕਈ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਮ ਕਟਵਾ ਕੇ ਦੂਰ-ਦੁਰਾਡੇ ਦੇ ਸਕੂਲਾਂ ਜਾਂ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਦਾਖਲ ਕਰਵਾ ਦਿੱਤੇ ਹਨ | ਪਿੰਡ ਦੇ ਪਤਵੰਤਿਆਂ ਅਤੇ ਮਾਪਿਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਸਕੂਲਾਂ ਨੂੰ 'ਆਫ ਐਮੀਨੈਂਸ' ਬਣਾਉਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਪਿੰਡਾਂ ਦੇ ਮਿਡਲ ਸਕੂਲਾਂ 'ਚ ਬੁਨਿਆਦੀ ਸਟਾਫ਼ ਮੁਹੱਈਆ ਕਰਵਾਉਣ 'ਚ ਫ਼ੇਲ੍ਹ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਖਾਲੀ ਪਈਆਂ ਤਿੰਨੋਂ ਅਸਾਮੀਆਂ ਤੁਰੰਤ ਭਰੀਆਂ ਜਾਣ, ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕ ਤਾਇਨਾਤ ਕੀਤੇ ਜਾਣ | ਇੱਥੇ ਸਵਾਲ ਇਹ ਵੀ ਉੱਠਦਾ ਹੈ ਕੀ ਸਰਕਾਰ ਦੀਆਂ ਫੋਕੀ ਵਾਹ-ਵਾਹੀ ਵਾਲੀਆਂ ਇਸ਼ਤਿਹਾਰਬਾਜੀਆਂ ਵਿਚਕਾਰ ਕਛਵਾ ਦੇ ਇਨ੍ਹਾਂ 40 ਬੱਚਿਆਂ ਦਾ ਕੀਮਤੀ ਸਮਾਂ ਵਾਪਸ ਆ ਸਕੇਗਾ? ਹੁਣ ਦੇਖਣਾ ਹੋਵੇਗਾ ਕਿ ਸਿੱਖਿਆ ਵਿਭਾਗ ਕਦੋਂ ਹਰਕਤ 'ਚ ਆਉਂਦਾ ਹੈ |