ਬਨੂੜ, 5 ਮਾਰਚ (ਭੁਪਿੰਦਰ ਸਿੰਘ)-ਸਾਬਕਾ ਸੈਨਿਕ ਜਥੇਬੰਦੀ ਦੀ ਬੈਠਕ ਜਥੇਬੰਦੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰੇਮ ਸਿੰਘ ਫ਼ੌਜੀ ਬਨੂੜ ਅਤੇ ਬਲਾਕ ਪ੍ਰਧਾਨ ਕੈਪਟਨ ਬੰਤ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਅਕਾਲਗੜ੍ਹ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਬਨੂੜ ਵਿਖੇ ਹੋਈ | ਇਸ ਬੈਠਕ ਦੌਰਾਨ ਪ੍ਰੇਮ ਸਿੰਘ ਫ਼ੌਜੀ, ਕੈਪਟਨ ਅਮਰਜੀਤ ਸਿੰਘ, ਕਰਮ ਸਿੰਘ ਬਨੂੜ , ਸੂਬੇਦਾਰ ਗੁਰਵਿੰਦਰ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ ਖਰੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਸਾਬਕਾ ਸੈਨਿਕਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ | ਜਿਸ ਕਾਰਨ ਦੇਸ ਭਰ ਦੇ ਸਾਬਕਾ ਸੈਨਿਕਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮਿਲਟਰੀ ਸਰਵਿਸ ਤਨਖ਼ਾਹ ਅਤੇ ਅੰਗਹੀਣਤਾ ਪੈਨਸ਼ਨ ਅਫ਼ਸਰਾਂ ਅਤੇ ਜਵਾਨਾਂ ਦੀ ਇਕ ਸਾਰ ਕਰਨ ਦੀ ਮੰਗ ਕਰਦਿਆਂ ਚਾਰ ਸਾਲਾਂ ਦੀ ਨੌਕਰੀ ਨੂੰ ਰੈਗੂਲਰ ਕਰਨ ਦੀ ਅਪੀਲ ਵੀ ਕੀਤੀ | ਸਾਬਕਾ ਸੈਨਿਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਪਿਛਲੇ ਸਮੇਂ ਦੌਰਾਨ ਮੰਨੀਆ ਮੰਗਾਂ ਤੇ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ | ਜਿਸ ਤੋਂ ਭੜਕੇ ਸਾਬਕਾ ਸੈਨਿਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਇਸ ਮੌਕੇ ਰਾਮ ਸਿੰਘ ਮਨੌਲੀ ਸੂਰਤ, ਜਰਨੈਲ ਸਿੰਘ, ਮੇਜਰ ਸਿੰਘ, ਗੁਰਮੇਲ ਸਿੰਘ, ਜਸਮੇਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |