ਭਾਦਸੋਂ, 9 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-'ਹੋਲਾ ਮਹੱਲਾ' ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਇਤਿਹਾਸਕ ਕਾਨਫਰੰਸ 'ਚ ਸ਼ਮੂਲੀਅਤ ਕਰਨ ਲਈ, ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਹਲਕਾ ਨਾਭਾ ਦੇ ਇੰਚਾਰਜ ਐਡ. ਰਵਿੰਦਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਅੱਜ ਭਾਦਸੋਂ ਦੀ ਅਨਾਜ ਮੰਡੀ ਤੋਂ ਇਕ ਵਿਸ਼ਾਲ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਕੇਸਰੀ ਝੰਡੀ ਦਿਖਾ ਕੇ ਕਾਫ਼ਲੇ ਨੂੰ ਰਵਾਨਾ ਕੀਤਾ ਅਤੇ ਵਰਕਰਾਂ ਦੇ ਭਾਰੀ ਇਕੱਠ 'ਚ ਨਵੀਂ ਰੂਹ ਫੂਕੀ | ਇਸ ਮੌਕੇ ਪੱਤਰਕਾਰਾਂ ਅਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਡ. ਰਵਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇਕ ਸਿਆਸੀ ਪਾਰਟੀ ਨਹੀਂ, ਸਗੋਂ ਪੰਜਾਬ, ਪੰਥ ਅਤੇ ਪੰਜਾਬੀਅਤ ਦੀ ਰਾਖੀ ਲਈ ਬਣੀ ਇਕ ਜਥੇਬੰਦੀ ਹੈ | ਉਨ੍ਹਾਂ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਅਤੇ ਬੇਰੁਜ਼ਗਾਰੀ ਦੀ ਦਲਦਲ 'ਚ ਫਸ ਰਿਹਾ ਹੈ, ਜਿਸ ਨੂੰ ਕੱਢਣ ਲਈ ਅਕਾਲੀ ਦਲ ਨੇ 'ਪੁਨਰ ਸੁਰਜੀਤੀ' ਦਾ ਬੀੜਾ ਚੁੱਕਿਆ ਹੈ | ਸ਼ਾਹਪੁਰ ਨੇ ਜੋਰ ਦੇ ਕੇ ਕਿਹਾ, ਸਾਡਾ ਮੁੱਖ ਮਕਸਦ ਹਲਕਾ ਨਾਭਾ ਅਤੇ ਪੂਰੇ ਪੰਜਾਬ ਦੇ ਨੌਜਵਾਨਾਂ ਲਈ ਉੱਚ-ਪੱਧਰੀ ਸਿੱਖਿਆ ਅਤੇ ਸਥਾਨਕ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਤਾਂ ਜੋ ਸਾਡੀ ਪਨੀਰੀ ਵਿਦੇਸ਼ਾਂ ਵੱਲ ਹਿਜਰਤ ਕਰਨ ਦੀ ਬਜਾਏ ਆਪਣੇ ਸੂਬੇ ਦੀ ਸੇਵਾ ਕਰ ਸਕੇ | ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਐਡਵੋਕੇਟ ਸ਼ਾਹਪੁਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਲਕਾ ਨਾਭਾ 'ਚ ਅੱਜ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਹ ਆਉਣ ਵਾਲੇ ਸਮੇਂ 'ਚ ਵੱਡੀ ਸਿਆਸੀ ਤਬਦੀਲੀ ਦਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਹਰ ਵਰਕਰ ਅੱਜ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੈ | ਇਸ ਕਾਫ਼ਲੇ 'ਚ ਹਲਕੇ ਦੇ ਵੱਖ-ਵੱਖ ਸਰਕਲਾਂ ਦੇ ਪ੍ਰਧਾਨ, ਪੰਚ-ਸਰਪੰਚ ਅਤੇ ਸੀਨੀਅਰ ਆਗੂਆਂ ਸਮੇਤ ਧਰਮਿੰਦਰ ਸਿੰਘ ਭੋਜੋਮਾਜਰੀ, ਗੁਰਮੀਤ ਸਿੰਘ ਕੋਟ, ਬਲਦੇਵ ਸਿੰਘ ਗੁਰਦਿੱਤਪੁਰਾ, ਅਨਿਲ ਗੁਪਤਾ ਨਾਭਾ, ਜਗਦੀਪ ਸਿੰਘ ਗਲਵੱਟੀ, ਮਨਜੀਤ ਸਿੰਘ ਮਾਲੇਵਾਲ, ਰਣਜੀਤ ਸਿੰਘ ਰਾਮਗੜ੍ਹ, ਦਲਜੀਤ ਸਿੰਘ ਡਕੌਂਦਾ, ਦਾਰਾ ਸਿੰਘ ਬਾਬਰਪੁਰ, ਗੁਰਚਰਨ ਸਿੰਘ ਬਾਬਰਪੁਰ, ਸਤਨਾਮ ਸਿੰਘ ਬੁੱਗਾ, ਹਰਵਿੰਦਰ ਸਿੰਘ ਭੋਲਾ, ਬਿੱਟਾ ਸਹੌਲੀ, ਜਰਨੈਲ ਸਿੰਘ ਨੰਬਰਦਾਰ ਅਤੇ ਕੁਲਦੀਪ ਸਿੰਘ ਅਗੌਲ ਨੇ ਹਾਜ਼ਰੀ ਭਰੀ |