ਪਟਿਆਲਾ, 10 ਮਾਰਚ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜਨੀਅਰਜ਼ (ਐਨ.ਸੀ.ਸੀ.ਓ.ਈ.ਈ.ਈ.) ਵਲੋਂ ਦਿੱਤੀ ਲਾਈਟਨਿੰਗ ਕਾਲ ਦੀ ਪਾਲਣਾ ਹਿੱਤ, ਪਾਵਰ ਸੈਕਟਰ ਜੁਆਇੰਟ ਐਕਸ਼ਨ ਕਮੇਟੀ ਆਫ਼ ਇੰਜੀਨੀਅਰਜ਼, ਇੰਪਲਾਈਜ਼ ਅਤੇ ਪੈਨਸ਼ਨਰਜ਼ ਵਲੋਂ ਕੇਂਦਰ ਸਰਕਾਰ ਵਲੋਂ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਜਿਸ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜਰ ਅਤੇ ਕੇਂਦਰ ਸਰਕਾਰ ਦੀਆਂ ਜਨਤਕ ਖੇਤਰ ਵਿਰੋਧੀ ਨੀਤੀਆਂ ਦੇ ਵਿਰੁੱਧ ਸਖ਼ਤ ਰੋਸ ਦਰਜ ਕਰਾਉਣ ਲਈ ਪਾਵਰਕੋਮ ਦੇ ਸਾਰੇ ਸਬ-ਡਵੀਜ਼ਨਾਂ ਅਤੇ ਪ੍ਰੋਜੈਕਟਾਂ 'ਤੇ 11 ਵਜੇ ਤੋਂ 1 ਵਜੇ ਤੱਕ ਦੋ ਘੰਟੇ ਕੰਮ ਦਾ ਬਾਈਕਾਟ ਕਰਕੇ ਸਮੂਹਿਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ, ਕੌਂਸਲ ਦੇ ਮੁੱਖ ਸਰਪ੍ਰਸਤ ਇੰਜ: ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ: ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ: ਅਮਨਦੀਪ ਜੇਹਲਵੀ ਨੇ ਰਾਹੀਂ ਦੱਸਿਆ ਕਿ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਕਿਸਾਨਾਂ, ਖਪਤਕਾਰਾਂ, ਬਿਜਲੀ ਖੇਤਰ ਦੇ ਕਰਮਚਾਰੀਆਂ ਅਤੇ ਦੇਸ਼ ਦੇ ਸੰਘੀ ਢਾਂਚੇ ਲਈ ਗੰਭੀਰ ਜ਼ੋਖਮ ਪੈਦਾ ਕਰਦਾ ਹੈ | ਕੌਂਸਲ ਦੇ ਆਗੂਆਂ ਵਲੋਂ ਅੱਗੇ ਦੱਸਿਆ ਗਿਆ ਕਿ ਇਹ ਸਾਰੀਆਂ ਗਤੀਵਿਧੀਆਂ ਦਾ ਸਮੁੱਚੇ ਤੌਰ 'ਤੇ ਬਹੁਤ ਬੁਰਾ ਪ੍ਰਭਾਵ ਪੈਣ ਵਾਲਾ ਹੈ | ਦੂਜੇ ਪਾਸੇ ਨਿੱਜੀਕਰਨ ਦੀ ਆੜ ਵਿੱਚ ਬਿਜਲੀ ਖੇਤਰ ਦੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਬਿਜਲੀ ਵੰਡ ਖੇਤਰ ਵਿਚ ਅਨੇਕਾਂ ਲਾਈਸੈਂਸ ਧਾਰਕਾਂ ਲਈ ਦਰਵਾਜ਼ੇ ਖੁੱਲ੍ਹਣਗੇ ਅਤੇ ਨਿੱਜੀ ਕੰਪਨੀਆਂ ਸਿਰਫ਼ ਵੱਡੇ ਖਪਤਕਾਰਾਂ ਨੂੰ ਹੀ ਪਹਿਲ ਦੇਣਗੀਆਂ ਜਦੋਂ ਕਿ ਜਨਤਕ ਸਹੂਲਤਾਂ ਤੇ ਘਾਟੇ ਦਾ ਬੋਝ ਸਰਕਾਰੀ ਬਿਜਲੀ ਕੰਪਨੀਆਂ ਨੂੰ ਝੱਲਣਾ ਪਿਆ | ਕੌਂਸਲ ਲੀਡਰਸ਼ਿੱਪ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਨਤਕ ਹਿੱਤਾਂ 'ਤੇ ਇਸ ਹਮਲੇ ਨੂੰ ਤੁਰੰਤ ਬੰਦ ਕਰੇ ਅਤੇ ਊਰਜਾ ਖੇਤਰ ਦੇ ਹਿੱਤ ਵਿੱਚ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਲਵੇ |