ਸਨੌਰ, 10 ਮਾਰਚ (ਸੋਖਲ)-ਜੈਮਸ ਪਬਲਿਕ ਸਕੂਲ ਵਲੋਂ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਕ 'ਸਟੂਡੈਂਟ-ਲੈੱਡ ਕਾਨਫਰੰਸ' ਕਰਵਾਈ ਗਈ | ਇਹ ਕਾਨਫਰੰਸ ਨੰਨ੍ਹੇ ਵਿਦਿਆਰਥੀਆਂ ਲਈ ਆਪਣੇ ਮਾਪਿਆਂ ਨੂੰ ਆਪਣੀ ਪੂਰੀ ਵਿੱਦਿਅਕ ਯਾਤਰਾ ਅਤੇ ਸਿੱਖਣ ਦੇ ਤਜਰਬਿਆਂ ਬਾਰੇ ਦੱਸਣ ਦਾ ਇਕ ਸ਼ਾਨਦਾਰ ਪਲੇਟਫ਼ਾਰਮ ਸਾਬਤ ਹੋਈ | ਇਸ ਸਮਾਗਮ ਬਾਰੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਮੰਜਰੀ ਤੇਜਪਾਲ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਛੋਟੇ ਬੱਚਿਆਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਪੋਰਟਫੋਲੀਓ, ਕਲਾਸਵਰਕ ਅਤੇ ਪ੍ਰੋਜੈਕਟਾਂ ਦੀ ਪੇਸ਼ਕਾਰੀ ਦਿੱਤੀ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਮੰਜਰੀ ਤੇਜਪਾਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ 'ਸਟੂਡੈਂਟ-ਲੈੱਡ ਕਾਨਫਰੰਸ' ਵਿਦਿਆਰਥੀਆਂ 'ਚ ਆਤਮ-ਵਿਸ਼ਵਾਸ, ਸੁਤੰਤਰ ਸੋਚ ਅਤੇ ਪ੍ਰਤੀਬਿੰਬਤ ਸਿੱਖਣ ਦੇ ਵਿਕਾਸ ਵੱਲ ਇਕ ਅਹਿਮ ਕਦਮ ਹੈ |