21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵਿਧਾਨ ਸਭਾ ਦੇ ਇਜਲਾਸ 'ਚ ਹਲਕਾ ਸਨੌਰ ਦੀ ਆਵਾਜ਼ ਖਾਮੋਸ਼

Ad Position 21
No active advertisement
ਅਜੀਤ ਡੈਸਕ 12-03-2026
ਭੁੱਨਰਹੇੜੀ, 11 ਮਾਰਚ (ਧਨਵੰਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਹਲਕਾ ਸਨੌਰ ਦੇ ਲੋਕਾਂ ਦੀ ਆਵਾਜ਼ ਸਦਨ ਵਿੱਚ ਗੂੰਜਣ ਦੀ ਬਜਾਏ ਖਾਮੋਸ਼ ਰਹੀ, ਜਿਸ ਨੇ ਇਲਾਕੇ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ | ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੇ ਗੈਰਹਾਜ਼ਰ ਹੋਣ ਕਾਰਨ ਇਜਲਾਸ ਸੈਸ਼ਨ ਦੌਰਾਨ ਹਲਕੇ ਦੀ ਨੁਮਾਇੰਦਗੀ ਨਜ਼ਰ ਨਹੀਂ ਆਈ, ਜਿਸ ਨਾਲ ਇਲਾਕੇ ਨਾਲ ਜੁੜੇ ਕਈ ਗੰਭੀਰ ਲੋਕ ਮਸਲੇ ਸਦਨ ਵਿਚ ਦੱਬੇ ਰਹਿ ਗਏ | ਜਾਣਕਾਰੀ ਮੁਤਾਬਕ ਵਿਧਾਇਕ ਖਿਲਾਫ਼ ਇਕ ਕੇਸ ਦਰਜ ਹੋਇਆ ਸੀ, ਜਿਸ ਤੋਂ ਬਾਅਦ ਉਹ ਵਿਦੇਸ਼ ਚਲੇ ਗਏ | ਇਸ ਮਾਮਲੇ ਨੇ ਪਹਿਲਾਂ ਹੀ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਸੀ ਅਤੇ ਹੁਣ ਵਿਧਾਨ ਸਭਾ ਦੇ ਇਜਲਾਸ ਵਿਚ ਉਨ੍ਹਾਂ ਦੀ ਗੈਰਹਾਜ਼ਰੀ ਨੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ | ਵਿਰੋਧੀ ਧਿਰ ਅਤੇ ਸਥਾਨਕ ਵਰਗ ਇਸ ਗੱਲ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਜਦੋਂ ਹਲਕੇ ਦੇ ਲੋਕ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਸ ਸਮੇਂ ਉਨ੍ਹਾਂ ਦੀ ਆਵਾਜ਼ ਸਦਨ ਤੱਕ ਕਿਉਂ ਨਹੀਂ ਪਹੁੰਚੀ | ਹਲਕਾ ਸਨੌਰ ਅੰਦਰ ਇਸ ਵੇਲੇ ਕਈ ਬੁਨਿਆਦੀ ਅਤੇ ਗੰਭੀਰ ਮੁੱਦੇ ਲੋਕਾਂ ਲਈ ਵੱਡੀ ਚਿੰਤਾ ਬਣੇ ਹੋਏ ਹਨ | ਹਰ ਸਾਲ ਬਰਸਾਤ ਦੌਰਾਨ ਹੜ੍ਹ ਵਰਗੀ ਸਥਿਤੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ, ਜੋ ਭਵਿੱਖ ਵਿਚ ਪੀਣ ਵਾਲੇ ਪਾਣੀ ਅਤੇ ਖੇਤੀਬਾੜੀ ਲਈ ਵੱਡਾ ਸੰਕਟ ਬਣ ਸਕਦਾ ਹੈ ਇਸ ਤੋਂ ਇਲਾਵਾ ਪਿੰਡਾਂ ਵਿਚ ਟੁੱਟੀਆਂ ਲਿੰਕ ਸੜਕਾਂ, ਗੰਦੇ ਪਾਣੀ ਦੀ ਨਿਕਾਸੀ ਦੀ ਕਮੀ, ਸਰਕਾਰੀ ਦਫਤਰਾਂ ਦੀ ਦੂਰੀ ਅਤੇ ਬੁਨਿਆਦੀ ਢਾਂਚੇ ਦੀ ਘਾਟ, ਬੇਰੋਜ਼ਗਾਰੀ ਵਰਗੇ ਮੁੱਦੇ ਵੀ ਲੰਮੇ ਸਮੇਂ ਤੋਂ ਹੱਲ ਦੀ ਉਡੀਕ ਕਰ ਰਹੇ ਹਨ | ਲੋਕਾਂ ਨੂੰ ਉਮੀਦ ਸੀ ਕਿ ਵਿਧਾਨ ਸਭਾ ਦੇ ਇਜਲਾਸ ਦੌਰਾਨ ਇਹ ਸਾਰੇ ਮਸਲੇ ਜ਼ੋਰਦਾਰ ਢੰਗ ਨਾਲ ਉਠਾਏ ਜਾਣਗੇ, ਪਰ ਵਿਧਾਇਕ ਦੀ ਗੈਰਹਾਜ਼ਰੀ ਕਾਰਨ ਇਹ ਮਸਲੇ ਸਦਨ ਦੇ ਦਰਵਾਜ਼ੇ ਤੱਕ ਵੀ ਨਹੀਂ ਪਹੁੰਚ ਸਕੇ | ਵਿਧਾਨ ਸਭਾ ਦਾ ਮੰਚ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਸਭ ਤੋਂ ਵੱਡਾ ਮੰਚ ਹੁੰਦਾ ਹੈ | ਜਦੋਂ ਜਨ ਨੁਮਾਇੰਦਾ ਹੀ ਉਸ ਮੰਚ 'ਤੇ ਮੌਜੂਦ ਨਾ ਹੋਵੇ ਤਾਂ ਲੋਕਾਂ ਦੀਆਂ ਸਮੱਸਿਆਵਾਂ ਦੀ ਗੂੰਜ ਸਰਕਾਰ ਤੱਕ ਪਹੁੰਚਣੀ ਮੁਸ਼ਕਲ ਹੋ ਜਾਂਦੀ ਹੈ | ਇਸ ਸਥਿਤੀ ਨੇ ਹਲਕਾ ਸਨੌਰ ਦੇ ਲੋਕਾਂ ਵਿਚ ਨਾਰਾਜ਼ਗੀ ਅਤੇ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਸ ਮਾਮਲੇ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਹਲਕਾ ਸਨੌਰ ਦੇ ਲੋਕਾਂ ਦੀਆਂ ਸਮੱਸਿਆਵਾਂ ਕਿਵੇਂ ਦੂਰ ਹੋਣਗੀਆਂ | ਇਸ ਵਾਰ ਹਲਕੇ ਦੇ ਜਮਪਲ ਨੂੰ ਵਿਧਾਨ ਸਭਾ ਵਿਚ ਭੇਜਣ ਵਾਲੇ ਵਿਧਾਇਕ ਤੋ ਉਮੀਦ ਸੀ |
ਇਲਾਕੇ ਦੀਆਂ ਸਮਸਿਆਵਾਂ ਦੀ ਆਵਾਜ਼ ਵਿਧਾਨ ਸਭਾ ਤੱਕ ਉਠਾਈ ਜਾਵੇਗੀ, ਲੋਕ ਮਸਲੇ ਸਦਨ ਤੱਕ ਪਹੁੰਚਣਗੇ ਪਰ ਇਜਲਾਸ ਵਿਚ ਹਲਕਾ ਸਨੌਰ ਦੀ ਆਵਾਜ਼ ਗਾਇਬ ਹੋਣ ਨਾਲ ਇਸ ਵਾਰ ਫਿਰ ਹਲਕਾ ਸਨੌਰ ਦੇ ਵਸਨੀਕਾ ਵਿਚ ਨਿਰਾਸ਼ਤਾ ਫੈਲ ਗਈ | ਹਲਕਾ ਸਨੌਰ ਅੰਦਰ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਕਾਰਨ ਲੋਕ ਦੁੱਖੀ ਹਨ | ਹਲਕੇ ਅੰਦਰ ਪੈਡੀ ਦੇ ਸੀਜ਼ਨ ਦੌਰਾਨ ਘੱਗਰ, ਟਾਂਗਰੀ, ਮਾਰਕੰਡਾ, ਮੀਰਾਂ ਪੁਰ ਚੋਅ ਤੋਂ ਇਲਾਵਾ ਪਟਿਆਲਾ ਨਦੀ ਦਾ ਪਾਣੀ ਫ਼ਸਲਾਂ ਤੋਂ ਇਲਾਵਾ ਇਲਾਕੇ ਅੰਦਰ ਮਾਲੀ ਨੁਕਸਾਨ ਕਰਦਾ ਹੈ | ਲੋਕਾਂ ਨੂੰ ਆਸ ਸੀ ਕਿ ਉਨ੍ਹਾਂ ਦੀ ਸਮੱਸਿਆਂ ਦਾ ਹੱਲ ਹੋਵੇਗਾ, ਪਰ ਇਹ ਆਸ ਵੀ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ | ਇਕ ਵਾਰ ਫਿਰ ਹਲਕਾ ਸਨੌਰ ਨਿਵਾਸੀਆਂ ਨੂੰ ਉਦਾਸ ਹੋਣ ਪਿਆ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ 22 ਨੰਬਰ ਫਾਟਕ ਨੇੜਿਉਂ ਕਾਰ ਚੋਰੀ
Ad Position 24