ਪਟਿਆਲਾ, 11 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵਲੋਂ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਖੇਤਰ 'ਚ ਉਭਰ ਰਹੇ ਨਵੇਂ ਰੁਝਾਨਾਂ ਦੇ ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ | ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਉਦਘਾਟਨੀ ਸ਼ੈਸਨ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅੱਜ ਦੇ ਦੌਰ 'ਚ ਜਦੋਂ ਤਕਨਾਲੋਜੀ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਤਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਹ ਤਕਨਾਲੋਜੀ ਸਮਾਜ ਦੀ ਭਲਾਈ ਲਈ ਹੋਵੇ | ਸਮਾਜ ਦੇ ਹਿਤ 'ਚ ਭੁਗਤਣ ਵਾਲ਼ੀ ਤਕਨਾਲੋਜੀ ਹੀ ਮਨੁੱਖ ਦੀ ਪ੍ਰਗਤੀ 'ਚ ਸਹਾਈ ਹੁੰਦੀ ਹੈ | ਅਜਿਹੀ ਤਕਨਾਲੋਜੀ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਕਰਦੀ ਹੈ | ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਡੀਨ ਖੋਜ ਡਾ. ਰਿਤੂ ਲਹਿਲ ਨੇ ਆਪਣੇ ਸੰਬੋਧਨ ਵਿਚ ਖੋਜ ਦੀ ਗੁਣਵੱਤਾ ਬਾਰੇ ਨੁਕਤੇ ਸਾਂਝੇ ਕੀਤੇ | ਮੁੱਖ-ਸੁਰ ਭਾਸ਼ਣ ਦੇਣ ਲਈ ਸੀ.ਐੱਸ.ਆਈ.ਆਰ.-ਸੀ.ਐੱਸ.ਆਈ. ਓ., ਚੰਡੀਗੜ੍ਹ ਤੋਂ ਪੁੱਜੇ ਡਾ. ਅਮੋਲ ਪੀ. ਭੋਂਡੇਕਰ ਨੇ ਇਲੈਕਟ੍ਰੋਨਿਕ ਇੰਜੀਨੀਅਰ ਦੇ ਖੇਤਰ ਵਿਚਲੇ ਨਵੇਂ ਰੁਝਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੀਆਂ ਕਾਨਫ਼ਰੰਸਾਂ ਵੱਖ-ਵੱਖ ਮਾਹਿਰਾਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਵਾਉਂਦੀਆਂ ਹਨ ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ | ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਸਾਡੇ ਜੀਵਨ 'ਚ ਰੋਜਾਨਾ ਦੀ ਵਰਤੋਂ ਵਾਲ਼ੀਆਂ ਵਸਤਾਂ ਹੁਣ ਸਿੱਧੇ ਤੌਰ 'ਤੇ ਤਕਨਾਲੋਜੀ ਨਾਲ਼ ਜੁੜੀਆਂ ਹੁੰਦੀਆਂ ਹਨ | ਅੰਤ ਵਿਚ ਇੰਜੀਨੀਅਰਿੰਗ ਫੈਕਲਟੀ ਦੇ ਡੀਨ ਡਾ. ਮਨਜੀਤ ਸਿੰਘ ਭੰਮਰਾ ਨੇ ਧੰਨਵਾਦੀ ਭਾਸ਼ਣ ਦਿੱਤਾ | ਇਸ ਮੌਕੇ ਮੈਕਸੀਕੋ ਸਿਟੀ ਦੇ ਅਦਾਰੇ ਨੈਸ਼ਨਲ ਇੰਸਟੀਚਿਊਟ ਆਫ਼ ਐਸਟਰੋਫਿਜ਼ਿਕਸ, ਔਪਟਿਕਸ ਐਂਡ ਇਲੈਕਟ੍ਰੋਨਿਕਸ ਤੋਂ ਡਾ. ਅਲੌਂਸੋ ਕਰੋਨਾ ਸ਼ਵੇਜ਼ ਅਤੇ ਐਸਟਰੋਨੋਮਸ ਯੂਨੀਵਰਸਿਟੀ ਆਫ਼ ਮੈਕਸੀਕੋ ਤੋਂ ਡਾ. ਤੇਜਿੰਦਰ ਕੌਰ ਨੇ ਵਿਚਾਰ ਸਾਂਝੇ ਕੀਤੇ |