ਫ਼ਤਹਿਗੜ੍ਹ ਸਾਹਿਬ, 11 ਮਾਰਚ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਵਿਖੇ ਸਿੱਖਿਆ ਵਿਭਾਗ, ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਅਤੇ ਲਿਬਰਲ ਆਰਟਸ ਸਕੂਲ ਦੁਆਰਾ ਸਾਂਝੇ ਤੌਰ 'ਤੇ ਸੰਚਾਰ ਵਿਚ ਟੇਕ ਆਫ਼ ਅਤੇ ਲੈਂਡਿੰਗ ਦੇ ਸਿਧਾਂਤ ਵਿਸ਼ੇ 'ਤੇ ਇਕ ਗੈੱਸਟ ਲੈਕਚਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਪ੍ਰਸਿੱਧ ਸਰੋਤ ਵਿਦਵਾਨ ਡਾ. ਵਿਧੂ ਪ੍ਰਕਾਸ਼ ਕਾਇਸਥ ਮੁੱਖ ਬੁਲਾਰੇ ਵਜੋਂ ਸਮਾਗਮ ਵਿਚ ਸ਼ਾਮਿਲ ਹੋਏ | ਲੈਕਚਰ ਦੌਰਾਨ ਡਾ. ਕਾਇਸਥ ਨੇ ਪ੍ਰਭਾਵਸ਼ਾਲੀ ਸੰਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਨੇ ਸਮਝਾਇਆ ਕਿ ਸੰਚਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸ਼ੁਰੂਆਤ (ਟੇਕ ਆਫ਼) ਅਤੇ ਸਿੱਟਾ (ਲੈਂਡਿੰਗ) ਦੋਵੇਂ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਨੇ ਢੁੱਕਵੇਂ ਸ਼ਬਦ ਦੀ ਚੋਣ, ਸਰੀਰ ਦੇ ਹਾਵ-ਭਾਵ, ਬੋਲਣ ਦੌਰਾਨ ਸੰਤੁਲਿਤ ਪਿੱਚ ਅਤੇ ਬਾਰੰਬਾਰਤਾ ਅਤੇ ਸੰਚਾਰ ਦੌਰਾਨ ਸਰਗਰਮ ਭਾਗੀਦਾਰੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਦੇ ਅਨੁਸਾਰ ਇਨ੍ਹਾਂ ਸਾਰੇ ਤੱਤਾਂ ਦਾ ਤਾਲਮੇਲ ਸੰਚਾਰ ਪ੍ਰਕਿਰਿਆ ਨੂੰ ਸਫਲ ਅਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ |