ਰਾਜਪੁਰਾ, 28 ਮਾਰਚ (ਰਣਜੀਤ ਸਿੰਘ)-ਰਾਜਪੁਰਾ ਘਨੌਰ ਸੜਕ ਤੇ ਪੈਂਦੇ ਪਿੰਡ ਸੁਹਰੋਂ ਵਿਖੇ ਗੈਸ ਏਜੰਸੀ ਦੇ ਗੋਦਾਮ 'ਚੋਂ ਚੋਰਾਂ ਨੇ ਘਰੇਲੂ ਗੈਸ ਦੇ ਭਰੇ ਹੋਏ 88 ਸਿਲੰਡਰ ਚੋਰੀ ਕਰ ਲਏ ਹਨ | ਇਸ ਚੋਰੀ ਦੀ ਵਾਰਦਾਤ ਕਾਰਨ ਹਲਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰ ਹਫਤੇ ਦੇ ਕਰੀਬ ਸਮਾਂ ਬੀਤ ਜਾਣ 'ਤੇ ਪੁਲਿਸ ਦੇ ਹੱਥ ਦੀ ਘੜੀ ਖਾਲੀ ਵਿਖਾਈ ਦੇ ਰਹੇ ਹਨ | ਦੂਜੇ ਬੰਨੇ ਦੇਸ਼ ਵਿਚ ਲੋਕੀ ਗੈਸ ਦੇ ਇਕ ਇਕ ਸਿਲੰਡਰ ਲਈ ਤਰਸ ਰਹੇ ਹਨ | ਲੋਕਾਂ ਨੂੰ ਡਰ ਵੱਢ ਵੱਢ ਸਤਾ ਰਿਹਾ ਹੈ ਕਿ ਕੀ ਪਤਾ ਸਿਲੰਡਰ ਮਿਲੇ ਜਾਂ ਨਾ ਮਿਲੇ ਇਸ ਲਈ ਕਈ ਲੋਕੀ ਸਿਲੰਡਰ ਦਾ ਭੰਡਾਰ ਕਰਨ ਵੱਲ ਲੱਗੇ ਹੋਏ ਹਨ | ਪਰ ਚੋਰਾਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਹਨ ਕਿ ਉਨ੍ਹਾਂ ਨੇ ਲੋਹੇ ਦਾ ਗੇਟ ਤੋੜ ਕੇ ਭਰੇ ਹੋਏ ਗੈਸ ਦੇ ਸਿਲੰਡਰ ਹੀ ਚੋਰੀ ਕਰ ਲਏ ਹਨ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸਤਿੰਦਰ ਸਿੰਘ ਉਰਫ਼ ਡਿੰਪਲ ਵਾਸੀ ਸੁਹਰੋਂ ਨੇ ਇਕ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦਾ ਸੜਕ ਦੇ ਐਨ ਨੇੜੇ ਸਿੱਧੂ ਭਾਰਤ ਗੈਸ ਗਰਾਮੀਣ ਐਲ.ਪੀ.ਜੀ. ਵਿਤਰਕ ਨਾਮ ਦੀ ਏਜੰਸੀ ਦਾ ਗਡਾਊੁਨ ਹੈ | ਇਹ ਗਡਾਊਨ ਕਰੀਬ 14 ਸਾਲ ਪੁਰਾਣਾ ਗਰਾਊਡ ਬਣਾਇਆ ਹੋਇਆ ਹੈ | ਉਨ੍ਹਾਂ ਨੇ ਪੁਲਿਸ ਨੁੰੰ ਦੱਸਿਆ ਕਿ ਬੀਤੀ 20 ਮਾਰਚ ਦੀ ਰਾਤ ਨੂੰ ਕਰੀਬ ਇਕ ਵਜੇ ਸਵੇਰੇ ਤੜਕੇ ਗਡਾਊਨ ਤੇ ਗੇੜਾ ਮਾਰਕੇ ਘਰ ਆ ਕੇ ਸੌ ਗਿਆ | ਪਰ ਦੂਜੇ ਦਿਨ 21 ਮਾਰਚ ਨੂੰ ਸਵੇਰੇ ਕਰੀਬ 8 ਵਜੇ ਗਡਾਊੁਨ ਕੀਪਰ ਜਦੋਂ ਮੌਕੇ 'ਤੇ ਗਿਆ ਤਾਂ ਉਸ ਦੇ ਪੈਰਾਂ ਹੇਠ ਤੋਂ ਜਮੀਨ ਖਿਸਕ ਗਈ | ਜਦੋਂ ਉਹ ਬਾਹਰਲਾ ਮੇਨ ਗੇਟ ਖੋਲ੍ਹ ਕੇ ਅੰਦਰ ਗਿਆ ਤਾਂ ਗਡਾਊੁਨ ਦੇ ਛੋਟੇ ਗੇਟ ਦਾ ਤਾਲਾ ਟੁੱ ਟਿਆ ਹੋਇਆ ਸੀ ਅਤੇ ਗੇਟ ਖੁੱਲ੍ਹਾ ਪਿਆ ਸੀ | ਇਸ ਤੋਂ ਬਾਅਦ ਸਟੋਰ ਕੀਪਰ ਨੇ ਸਾਰੀ ਘਟਨਾ ਉਸ ਨੂੰ ਦੱਸੀ ਅਤੇ ਜਦੋਂ ਉਸ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਚੋਰ 51 ਸਿਲੰਡਰ ਵੱਡੇ 14.02 ਕਿੱਲੋ ਵਾਲੇ ਅਤੇ 37 ਸਿਲੰਡਰ 05 ਕਿਲੋ ਵਾਲੇ ਚੋਰੀ ਕਰਕੇ ਲੈ ਗਏ ਹਨ | ਇਸ ਸੰਬੰਧੀ ਜਾਣਕਾਰੀ ਮਿਲੀ ਹੈ ਕਿ ਨੇੜੇ ਤੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ ਹਨ | ਇਸ ਸੰਬੰਧੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਨੱਪੀ ਪੈੜ ਦੇ ਅਨੁਸਾਰ ਚੋਰ ਸਨੌਰ ਤੱਕ ਗਏ ਹੋਇਆ ਦਾ ਪਤਾ ਲੱਗਾ ਹੈ ਉਸ ਤੋਂ ਬਾਅਦ ਦੀ ਕੋਈ ਸੂਚਨਾ ਨਹੀਂ ਹੈ | ਇਹ ਵੀ ਪਤਾ ਲੱਗਾ ਹੈ ਕਿ ਚੋਰ ਸਿਲੰਡਰ ਗੱਡੀ ਵਿਚ ਰੱਖ ਕੇ ਲੈ ਕੇ ਗਏ ਹਨ | ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਤੋਂ ਪਤਾ ਲੱਗਾ ਹੈ ਕਿ ਚੋਰ ਬਹੁਤ ਹੀ ਸ਼ਾਤਰ ਕਿਸਮ ਦੇ ਸਨ ਉਨ੍ਹਾਂ ਨੇ ਸਿਲੰਡਰ ਤਰਪਾਲ ਵਗੈਰਾ ਪਾ ਕੇ ਢੱਕੇ ਹੋਏ ਸਨ | ਇਸ ਸੰਬੰਧੀ ਪੁਲਿਸ ਨੇ ਐਫ.ਆਈ.ਆਰ. 0033 ਬੀ.ਐਨ.ਐਸ. ਦੀ ਧਾਰਾ 331(4) ਅਤੇ 305 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹਫਤਾ ਬੀਤ ਜਾਣ 'ਤੇ ਵੀ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹੀ ਵਿਖਾਈ ਦੇ ਰਹੇ ਹਨ |