ਸਮਾਣਾ, 28 ਮਾਰਚ (ਹਰਵਿੰਦਰ ਸਿੰਘ ਟੋਨੀ)-ਸਿਟੀ ਪੁਲਸ ਨੇ ਹੈਰੋਇਨ ਵੇਚਣ ਲਈ ਖੜੇ ਨੌਜਵਾਨ ਨੂੰ ਤਿੰਨ ਗ੍ਰਾਮ ਹੈਰੋਇਨ ਸਣੇ ਕਾਬੂ ਕਰਕੇ ਉਸ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਹਿਚਾਣ ਜਗਦੀਸ਼ ਸਿੰਘ ਨਿਵਾਸੀ ਪਿੰਡ ਮੁਰਾਦਪੁਰਾ ਵਜੋਂ ਹੋਈ | ਸਿਟੀ ਪੁਲਿਸ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਪੁਰਾਣਾ ਬੱਸ ਸਟੈਂਡ 'ਤੇ ਮੌਜੂਦ ਸੀ, ਉਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨੌਜਵਾਨ ਹੈਰੋਇਨ ਵੇਚਣ ਲਈ ਚਿਟੀ ਢੇਰੀ ਕੋਲ ਖੜਿ੍ਹਆ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਪੁਲਿਸ ਪਾਰਟੀ ਸਣੇ ਰੇਡ ਦੌਰਾਨ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਣ 'ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ | ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਮਿਲੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ |