ਨੂਰਪੁਰ ਬੇਦੀ, 28 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਰੂਪਨਗਰ ਅੰਦਰ ਵਿਕਾਸ ਕੰਮਾਂ ਨੂੰ ਨਵੀਂ ਗਤੀ ਮਿਲ ਰਹੀ ਹੈ | ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਖੇਤਰ ਦੇ ਵੱਖ-ਵੱਖ ਪਿੰਡਾਂ ਦੀਆਂ ਸੰਪਰਕ ਸੜਕਾਂ ਅਤੇ ਮੁੱਖ ਸੜਕਾਂ ਦੇ ਨਵ ਨਿਰਮਾਣ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾ ਦਿੱਤੇ ਗਏ ਹਨ | ਇਸ ਪ੍ਰੋਜੈਕਟ ਤਹਿਤ ਇਲਾਕੇ ਦੇ ਪਿੰਡਾਂ ਨੂੰ ਇੱਕ-ਦੂਜੇ ਨਾਲ ਵਧੀਆ ਢੰਗ ਨਾਲ ਜੋੜਨ ਲਈ ਸੜਕਾਂ ਨੂੰ ਮਜ਼ਬੂਤ ਅਤੇ 18 ਫੁੱਟ ਚੌੜਾ ਕਰਨ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਸੰਬੰਧਿਤ ਵਿਭਾਗਾਂ ਵਲੋਂ ਇਹ ਕੰਮ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ, ਜਿਸ ਵਿਚ ਪੁਰਾਣੀਆਂ ਅਤੇ ਖ਼ਰਾਬ ਹੋ ਚੁੱਕੀਆਂ ਸੜਕਾਂ ਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ | ਖ਼ਾਸ ਕਰਕੇ ਪਿੰਡਾਂ ਦੀਆਂ ਸੰਪਰਕ ਸੜਕਾਂ ਨੂੰ ਚੌੜਾ ਕਰਨ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਵੇਗੀ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਵੀ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਇਸੇ ਕੜੀ ਹੇਠ ਹੈੱਡ ਵਰਕਸ ਰੂਪਨਗਰ ਤੋਂ ਝੱਜ ਚੌਂਕ ਤੱਕ ਸੜਕ 'ਤੇ ਪ੍ਰੀ-ਮਿਕਸ ਪਾਉਣ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ |