ਪਟਿਆਲਾ, 2 ਅਪ੍ਰੈਲ (ਅ.ਸ. ਆਹਲੂਵਾਲੀਆ)-ਦਹਿਸ਼ਤਗਰਦਾਂ ਵਲੋਂ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਉੱਪਰ ਬੰਬ ਧਮਾਕਾ ਕਰ ਕੇ ਭਾਜਪਾ ਦੇ ਜੁਝਾਰੂ ਵਰਕਰਾਂ ਨੂੰ ਡਰਾਉਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ | ਇਹ ਗੱਲ ਭਾਜਪਾ ਦੇ ਸੂਬਾਈ ਬੁਲਾਰੇ ਗੁਰਜੀਤ ਸਿੰਘ ਕੋਹਲੀ ਨੇ ਕਹੀ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਅੰਦਰ ਲੋਕਾਂ ਵਲੋਂ ਭਾਜਪਾ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਸ ਨਾਲ ਦਹਿਸ਼ਤਗਰਦੀ ਦੇ ਹਾਮੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ | ਇਸ ਤਰ੍ਹਾਂ ਦੇ ਜਿੰਨੇ ਵੀ ਮਰਜ਼ੀ ਹਮਲੇ ਹੋਣ 2027 ਦੀਆਂ ਚੋਣਾਂ ਵਿਚ ਭਾਜਪਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਂਹਵਧੂ ਸੋਚ ਲੈ ਕੇ ਚੋਣ ਮੈਦਾਨ ਵਿਚ ਉੱਤਰਨਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਦੇਸ਼ ਤਰੱਕੀ ਦੀ ਰਾਹ 'ਤੇ ਚੱਲ ਰਿਹਾ ਹੈ ਉਸੇ ਤਰ੍ਹਾਂ ਡਬਲ ਇੰਜਨ ਦੀ ਸਰਕਾਰ ਪੰਜਾਬ ਸੂਬੇ 'ਚ ਵੀ ਹੋਵੇਗੀ ਤਾਂ ਪੰਜਾਬ ਵੀ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ |