ਭੁੱਨਰਹੇੜੀ, 6 ਅਪ੍ਰੈਲ (ਧਨਵੰਤ ਸਿੰਘ)-ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਵਲੋਂ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨਾਲ ਇਕ ਅਹਿਮ ਮੁਲਾਕਾਤ ਕੀਤੀ | ਇਸ ਮੌਕੇ ਸਾਬਕਾ ਚੇਅਰਮੈਨ ਅਸ਼ਵਨੀ ਬੱਤਾ ਅਤੇ ਡਾਇਰੈਕਟਰ ਮਹਿਕ ਰਣਜੀਤ ਸਿੰਘ ਨੈਣਾਂ ਗਰੇਵਾਲ ਵੀ ਮੌਜੂਦ ਰਹੇ | ਮੁਲਾਕਾਤ ਦੌਰਾਨ ਐਮ.ਪੀ. ਫ਼ੰਡ ਦੀਆਂ ਗਰਾਂਟਾਂ ਦੇ ਵੰਡ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਹਲਕੇ ਵਿਚ ਚੱਲ ਰਹੇ ਵਿਕਾਸੀ ਕੰਮਾਂ ਅਤੇ ਆਉਣ ਵਾਲੇ ਸਮੇਂ ਵਿਚ ਲੋੜੀਂਦੇ ਪ੍ਰੋਜੈਕਟਾਂ ਬਾਰੇ ਵੀ ਗੰਭੀਰ ਚਰਚਾ ਹੋਈ | ਹੈਰੀਮਾਨ ਨੇ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਵੀ ਸੰਸਦ ਮੈਂਬਰ ਦੇ ਧਿਆਨ ਵਿੱਚ ਲਿਆਂਦਾ | 'ਅਜੀਤ' ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਹੈਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਚਿੰਤਾਜਨਕ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰ ਰੋਜ ਕਤਲ, ਲੁੱਟਖੋਹ ਅਤੇ ਫਿਰੌਤੀ ਵਰਗੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ | ਉਨ੍ਹਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿਗ ਚੁੱਕੀ ਹੈ ਅਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਅਸਫਲ ਸਾਬਤ ਹੋ ਰਿਹਾ ਹੈ | ਹੈਰੀਮਾਨ ਨੇ ਕਿਹਾ ਕਿ ਹਰ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ | ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਨਾਲ ਸਮਾਜਿਕ ਸਮੱਸਿਆ ਖ਼ਾਸ ਤੌਰ 'ਤੇ ਹੜ੍ਹਾਂ, ਦਰਿਆਵੀ ਪਾਣੀਆਂ ਆਦਿ ਵਰਗੇ ਮਸਲਿਆਂ ਬਾਰੇ ਡਾਕਟਰ ਧਰਮਵੀਰ ਗਾਂਧੀ ਨਾਲ ਗੱਲਬਾਤ ਕੀਤੀ ਗਈ ਹੈ |