12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਕਣਕ ਰੱਬ ਆਸਰੇ, ਮਾਰਕੀਟ ਕਮੇਟੀ ਦੁੱਧਨਸਾਧਾਂ ਦੀ ਲਾਪਰਵਾਹੀ, ਦਾਣਾ ਮੰਡੀ ਭੁੱਨਰਹੇੜੀ ਨੰੂ ਸਹੂਲਤਾਂ ਦੇਣ 'ਚ ਫਾਡੀ

Ad Position 21
No active advertisement
ਅਜੀਤ ਡੈਸਕ 08-04-2026
ਭੁੱਨਰਹੇੜੀ, 7 ਅਪ੍ਰੈਲ (ਧਨਵੰਤ ਸਿੰਘ)-ਦਾਣਾ ਮੰਡੀ ਭੁੱਨਰਹੇੜੀ ਵਿਚ ਮੌਜੂਦਾ ਹਾਲਾਤਾਂ ਨੇ ਇਕ ਵਾਰ ਫਿਰ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਕਣਕ ਦੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਪਈ ਬੇਮੌਸਮੀ ਬਾਰਸ਼ ਦੀ ਭੇਟ ਚੜ੍ਹ ਰਹੀ ਹੈ, ਜਦਕਿ ਮੰਡੀ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਸਪਸ਼ਟ ਤੌਰ 'ਤੇ ਨਜ਼ਰ ਆ ਰਹੀ ਹੈ | ਅਨਾਜ ਮੰਡੀ ਇਕ ਖੁੱਲ੍ਹਾ ਖ਼ਰੀਦ ਕੇਂਦਰ ਹੈ, ਜਿੱਥੇ ਪਿਛਲੇ ਕਰੀਬ 40 ਸਾਲਾਂ ਤੋਂ ਆਰਜ਼ੀ ਪ੍ਰਬੰਧਾਂ ਰਾਹੀਂ ਹੀ ਖ਼ਰੀਦ ਕਾਰਜ ਚਲਾਇਆ ਜਾ ਰਿਹਾ ਹੈ | ਇਸ ਦੌਰਾਨ ਮਾਰਕੀਟ ਕਮੇਟੀ ਦੁੱਧਨਸਾਧਾਂ ਵਲੋਂ ਕਿਸਾਨਾਂ ਲਈ ਪੱਕੇ ਫੜ੍ਹ, ਸ਼ੈੱਡ, ਕਿਸਾਨਾਂ ਦੇ ਬੈਠਣ ਲਈ ਯੋਗ ਢੰਗ ਆਦਿ ਸਹੂਲਤ ਮੁਹੱਈਆ ਨਹੀਂ ਕਰਵਾਏ ਗਏ | ਨਤੀਜੇ ਵਜੋਂ ਜਿਵੇਂ ਹੀ ਮੌਸਮ ਨੇ ਅਚਾਨਕ ਕਰਵਟ ਬਦਲੀ, ਮੰਡੀ ਵਿਚ ਪਈ ਕਣਕ ਬਾਰਸ਼ ਨਾਲ ਭਿੱਜ ਗਈ | ਮੀਂਹ ਦੇ ਪਾਣੀ ਨੂੰ ਫ਼ਸਲ ਨੂੰ ਬਚਾਉਣ ਲਈ ਤਰਪਾਲਾਂ ਨਾਲ ਢੱਕ ਕੇ ਬੁੱਤਾ ਸਾਰਿਆਂ ਜਾ ਰਿਹਾ ਹੈ, ਪਰ ਖੁੱਲ੍ਹੇ ਅਸਮਾਨ ਹੇਠ ਪਿਆ ਅਨਾਜ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਰਹਿ ਸਕਿਆ | ਇਸ ਮੌਕੇ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਨ੍ਹਾਂ ਲਈ ਵੀ ਮੰਡੀ ਵਿਚ ਕੋਈ ਢੁਕਵੇਂ ਸਰਕਾਰੀ ਪ੍ਰਬੰਧ ਮੌਜੂਦ ਨਹੀਂ ਹਨ |
ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਮਾਰਕੀਟ ਕਮੇਟੀ ਵਲੋਂ ਬਣਾਇਆ ਗਿਆ ਆਰਜ਼ੀ ਦਫ਼ਤਰ ਟੈਂਟ ਲਗਾਇਆ ਹੋਇਆ ਹੈ | ਇਸ ਦੇ ਬਾਵਜੂਦ ਹਰ ਫ਼ਸਲ 'ਤੇ ਮਾਰਕੀਟ ਫ਼ੀਸ ਵਸੂਲ ਕੀਤੀ ਜਾ ਰਹੀ ਹੈ, ਪਰ ਸਹੂਲਤਾਂ ਦੇ ਨਾਂ 'ਤੇ ਕੁੱਝ ਵੀ ਨਹੀਂ ਦਿੱਤਾ ਜਾ ਰਿਹਾ | ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਅਤੇ ਮੰਡੀ ਬੋਰਡ ਵਲੋਂ ਮੰਡੀਆਂ ਬਣਾਈਆਂ ਗਈਆਂ ਹਨ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨਾ ਚਾਹੀਦਾ ਹੈ | ਨਹੀਂ ਤਾਂ ਇਹ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਅਤੇ ਨੁਕਸਾਨ ਸਿਰਫ਼ ਕਿਸਾਨਾਂ ਨੂੰ ਹੀ ਝੱਲਣਾ ਪੈਂਦਾ ਹੈ | ਆੜ੍ਹਤੀਆਂ ਵਰਗ ਵੀ ਪ੍ਰੇਸ਼ਾਨ ਹੁੰਦਾ ਹੈ | ਬੇਮੌਸਮੀ ਬਾਰਸ਼ ਨੇ ਨਾ ਸਿਰਫ਼ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰਿਆ ਹੈ, ਸਗੋਂ ਮਾਰਕੀਟ ਕਮੇਟੀ ਦੇ ਦਾਅਵਿਆਂ ਦੀ ਵੀ ਹਵਾ ਕੱਢੀ ਹੈ ਪਰ ਮਾਰਕੀਟ ਕਮੇਟੀ ਸਿਰਫ਼ ਫ਼ੀਸ ਵਸੂਲਣ ਤੱਕ ਹੀ ਸੀਮਤ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਆਗੂਆਂ ਵਲੋਂ ਕਮੀਰ ਸਿੰਘ ਲਾਲਵਾ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜੀ.ਬੀ.ਆਈ. ਸਕੂਲ ਨਾਭਾ 'ਚ ਮਨਾਇਆ ਸਕੂਲ ਦਾ 18ਵਾਂ ਸਥਾਪਨਾ ਦਿਵਸ
Ad Position 24