ਰਾਜਪੁਰਾ, 8 ਅਪ੍ਰੈਲ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਵਿਆਕਤੀ ਨੂੰ ਭੁੱਕੀ ਚੂਰਾ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਕ ਡੀ.ਐਸ.ਪੀ. ਮਨਜੀਤ ਸਿੰਘ ਦੀਆਂ ਹਦਾਇਤਾਂ 'ਤੇ ਐਸ.ਐਚ.ਉ. ਕਿ੍ਪਾਲ ਸਿੰਘ ਮੋਹੀ ਸਮੇਤ ਪੁਲਿਸ ਪਾਰਟੀ ਕਾਸੋ ਆਪਰੇਸ਼ਨ ਦੌਰਾਨ ਚੱਲ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਸ਼ਨ ਹੋਟਲ ਬਾਹੱਦ ਉਪਲਹੇੜੀ ਮੋੜ ਨੇੜੇ ਹਾਜ਼ਰ ਸਨ | ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਕੈਂਟਰ ਮਾਰਕਾ ਆਈਸ਼ਰ ਰਾਜਪੁਰਾ ਸਾਈਡ ਤੋਂ ਆ ਰਿਹਾ ਸੀ | ਇਸ ਨੂੰ ਇਕ ਮੋਨਾ ਵਿਅਕਤੀ ਚਲਾ ਰਿਹਾ ਸੀ | ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਕੈਂਟਰ ਦਾ ਡਰਾਈਵਰ ਤਾਕੀ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ | ਜਿਸ ਨੂੰ ਐੱਸ.ਐੱਚ.ੳ. ਕਿ੍ਪਾਲ ਸਿੰਘ ਮੋਹੀ ਨੇ ਸ਼ੱਕ ਦੀ ਬਿਨਾਂ ਤੇ ਕਾਬੂ ਕਰ ਲਿਆ | ਪੁਲਿਸ ਨੂੰ ਉਸ ਨੇ ਆਪਣੀ ਪਹਿਚਾਣ ਪ੍ਰੇਮ ਸਿੰਘ ਪੁੱਤਰ ਪ੍ਰੀਤਮ ਸਿੰਘ ਦੱਸੀ | ਪੁਲਿਸ ਨੂੰ ਕੈਂਟਰ ਦੀ ਤਲਾਸ਼ੀ ਦੌਰਾਨ 6 ਕਿੱਲੋ ਭੁੱਕੀ ਚੂਰਾ ਬਰਾਮਦ ਹੋਇਆ | ਕਿ੍ਪਾਲ ਸਿੰਘ ਮੋਹੀ ਨੇ ਦੱਸਿਆ ਕਿ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਮਾਲ ਕਿਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਥਾਂ 'ਤੇ ਸਪਲਾਈ ਕਰਨਾ ਸੀ |