-ਮਾਮਲਾ ਮੋਰਚੇ ਦੌਰਾਨ ਕਿਸਾਨ ਦੀ ਹੋਈ ਮੌਤ ਦਾ-
ਸਮਾਣਾ, 9 ਅਪ੍ਰੈਲ (ਹਰਵਿੰਦਰ ਸਿੰਘ ਟੋਨੀ)-ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਂਕ 'ਚ ਚੱਲ ਰਹੇ ਧਰਮਯੁੱਧ ਮੋਰਚੇ 'ਚ ਮੰਗਲਵਾਰ ਸਵੇਰੇ ਕਿਸਾਨ ਗੋਬਿੰਦ ਸਿੰਘ ਵਾਸੀ ਪਿੰਡ ਨਨਹੇੜਾ ਚੱਠਾ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਸਰਕਾਰ ਵਲੋਂ ਪੀੜਤ ਪਰਿਵਾਰ ਨਾਲ ਕੋਈ ਹਮਦਰਦੀ ਜ਼ਾਹਿਰ ਨਾ ਕਰਨ ਦੇ ਰੋਸ ਵਜੋਂ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੇ ਘਰ ਅੱਗੇ ਕਿਸਾਨ ਯੂਨੀਅਨ ਸਿੱਧੂਪੁਰ ਤੇ ਹੋਰ ਜਥੇਬੰਦੀਆਂ ਵਲੋਂ ਪੱਕਾ ਮੋਰਚਾ ਲਗਾਇਆ ਗਿਆ ਸੀ | ਜਿਸ ਨੂੰ ਅੱਜ ਐੱਸ.ਡੀ.ਐਮ. ਰੀਚਾ ਗੋਇਲ ਤੇ ਹਲਕਾ ਵਿਧਾਇਕ ਵਲੋਂ ਕੀਤੇ ਉਪਰਾਲਿਆਂ ਤੋਂ ਬਾਅਦ ਪੀੜਤ ਪਰਿਵਾਰ ਦੇ ਸਤਿਗੁਰੂ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਦਿੰਦਿਆਂ ਸਰਕਾਰੀ ਨੌਕਰੀ ਦੇਣ ਤੇ ਰਿਕਾਰਡ ਅਨੁਸਾਰ ਕਰਜ਼ਾ ਮੁਆਫ਼ ਕਰਨ ਦਾ ਭਰੋਸਾ ਦੇ ਕੇ ਧਰਨੇ ਨੂੰ ਖ਼ਤਮ ਕਰਵਾਇਆ | ਜਿਸ ਦਾ ਕਿਸਾਨ ਆਗੂਆਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਸੰਤੁਸ਼ਟੀ ਪ੍ਰਗਟਾਈ | ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਜੋੜਾਮਾਜਰਾ ਅਤੇ ਐੱਸ.ਡੀ.ਐਮ ਰੀਚਾ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਨਾਲ ਤਾਲਮੇਲ ਕਰਕੇ ਪ੍ਰਾਪਤ ਹੋਇਆ ਚੈੱਕ ਕਿਸਾਨ ਆਗੂਆਂ ਦੀ ਹਾਜ਼ਰੀ ਵਿਚ ਮਿ੍ਤਕ ਕਿਸਾਨ ਦੇ ਬੇਟੇ ਨੂੰ ਸੌਂਪ ਦਿੱਤਾ ਤੇ ਨੌਕਰੀ ਲਈ ਐੱਸ.ਡੀ.ਐਮ. ਸੁਨਾਮ ਦੀ ਡਿਊਟੀ ਲਗਾਈ ਗਈ ਹੈ | ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਉਕਤ ਮੰਗਾ ਪੁਰੀਆਂ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਲਕਾ ਵਿਧਾਇਕ ਦੇ ਘਰ ਅੱਗੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਮਿ੍ਤਕ ਕਿਸਾਨ ਗੋਬਿੰਦ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਸ਼ੁੱਕਰਵਾਰ ਨੂੰ ਉਸ ਦੇ ਜੱਦੀ ਪਿੰਡ ਅੰਤਿਮ ਸੰਸਕਾਰ ਕੀਤਾ ਜਾਵੇਗਾ |