-ਮਾਮਲਾ ਟੈਕਸੀ ਚਾਲਕ ਬਲਜਿੰਦਰ ਸਿੰਘ ਦੀ ਖ਼ੁਦਕੁਸ਼ੀ ਦਾ-
ਪਾਤੜਾਂ, 9 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਪਿੰਡ ਹਾਮਝੇੜੀ ਵਿਖੇ ਗਰੀਬ ਟੈਕਸੀ ਚਾਲਕ ਬਲਜਿੰਦਰ ਸਿੰਘ ਆਤਮ ਹੱਤਿਆ ਮਾਮਲੇ ਵਿਚ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ | ਬਲਜਿੰਦਰ ਸਿੰਘ ਆਤਮ ਹੱਤਿਆ ਕੇਸ ਵਿਚ ਬਣੀ ਐਕਸ਼ਨ ਕਮੇਟੀ ਦੀ ਅਗਵਾਈ ਕਰ ਰਹੇ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਅਤੇ ਪਿੰਡ ਹਾਮਝੇੜੀ ਦੇ ਸਰਪੰਚ ਜਰਨੈਲ ਸਿੰਘ ਜੈਲੀ ਗੁਰਮੇਲ ਸਿੰਘ ਘੱਗਾ ਦੀ ਅਗਵਾਈ ਪ੍ਰਦਰਸ਼ਨਕਾਰੀਆਂ ਵਲੋਂ ਪਾਤੜਾਂ ਸ਼ਹਿਰ ਵਿਚ ਰੋਸ ਮਾਰਚ ਦੇ ਕਰਨ ਦੇ ਐਲਾਨ ਤੋਂ ਬਾਅਦ ਪਾਤੜਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਸੀ | ਜਿਸ ਤੋਂ ਬਾਅਦ ਦੁਪਹਿਰ ਸਮੇਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੋਰਚਾ ਚਲਾ ਰਹੇ ਐਕਸ਼ਨ ਕਮੇਟੀ ਦੇ ਸਾਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਵਾਇਆ | ਗੱਲਬਾਤ ਤੋਂ ਬਾਅਦ ਐਸ.ਡੀ.ਐਮ ਪਾਤੜਾਂ ਕਾਲਾ ਰਾਮ ਅਤੇ ਡੀ.ਐਸ.ਪੀ. ਪਾਤੜਾਂ ਇੰਦਰਪਾਲ ਚੌਹਾਨ ਵਲੋਂ ਮਿ੍ਤਕ ਦੇ ਪਰਿਵਾਰ ਵਿਚੋਂ ਇਕ ਮੈਂਬਰ ਨੂੰ ਨਗਰ ਕੌਂਸਲ ਵਿੱਚ ਨੌਕਰੀ, ਪਰਿਵਾਰ ਦੀ ਆਰਥਿਕ ਮਦਦ ਕੀਤੀ ਗਈ ਅਤੇ ਜਿਸ ਝਗੜੇ ਵਿਚ ਪੁਲਿਸ ਵਲੋਂ ਪਰਚੇ ਦੇ ਬਣਾਏ ਜਾ ਰਹੇ ਦਬਾਅ ਕਾਰਨ ਬਲਜਿੰਦਰ ਸਿੰਘ ਆਤਮ ਹੱਤਿਆ ਕਰ ਗਿਆ, ਉਸ ਮਾਮਲੇ ਵਿਚ ਭਵਿੱਖ ਵਿਚ ਮਿ੍ਤਕ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਭਰੋਸਾ ਦਵਾਇਆ ਗਿਆ | ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਜਾਖਲ ਪਟਿਆਲਾ ਮੁੱਖ ਮਾਰਗ ਤੋਂ ਧਰਨਾ ਸਮਾਪਤ ਕੀਤਾ ਅਤੇ ਸ਼ਾਮ 4 ਵਜੇ ਮਿ੍ਤਕ ਬਲਜਿੰਦਰ ਸਿੰਘ ਦੀ ਆਤਮਿਕ ਦੇਹ ਦਾ ਸੰਸਕਾਰ ਕੀਤਾ ਗਿਆ | ਇਸ ਮੌਕੇ ਹਲਕਾ ਸ਼ੁਤਰਾਨਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਅਤੇ ਪਿੰਡ ਹਾਮਝੇੜੀ ਦੇ ਸਰਪੰਚ ਜਰਨੈਲ ਜੈਲੀ ਨੇ ਸੱਤ ਦਿਨ ਤੱਕ ਚੱਲੇ ਰੋਸ ਪ੍ਰਦਰਸ਼ਨ ਵਿਚ ਸਾਥ ਦੇਣ ਵਾਲੀਆਂ ਸਾਰੀਆਂ ਰਾਜਨੀਤਿਕ,ਧਾਰਮਿਕ, ਸਮਾਜਿਕ ਪਾਰਟੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ | ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜਲਦ ਤੋਂ ਜਲਦ ਕੇਸ ਵਿੱਚ ਰਹਿੰਦਾ ਦੋਸ਼ੀ ਗਿ੍ਫ਼ਤਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਹਲਕਾ ਸ਼ੁਤਰਾਣਾ ਅੰਦਰ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮਹਿੰਗਾ ਸਿੰਘ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ ਵਲੋਂ ਮਿਰਤਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਕੀਤੇ ਜਾਣ ਦਾ ਯਕੀਨ ਦਿਵਾਇਆ ਗਿਆ ਇਸ ਰੋਸ ਧਰਨੇ ਵਿਚ ਸ਼ਾਮਿਲ ਪਿੰਡਾ ਦੇ ਸਰਪੰਚਾ ਅਤੇ ਇਲਾਕੇ ਦੇ ਆਗੂਆਂ ਨੇ ਕਿਹਾ ਕਿ ਮਿਰਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 7 ਦਿਨਾਂ ਤੋਂ ਸਾਥ ਦੇ ਕੇ ਡਾ. ਜਤਿੰਦਰ ਮੱਟੂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਮਲੀ ਰੂਪ ਵਿੱਚ ਲੋਕ ਆਗੂ ਹਨ ਅਤੇ ਉਨ੍ਹਾਂ ਪਿੰਡ ਦੇ ਸਰਪੰਚ ਜਰਨੈਲ ਸਿੰਘ ਜੈਲੀ ਸਮਾਜਸੇਵੀ ਗੁਰਮੇਲ ਸਿੰਘ ਘੱਗਾ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਝਦਾਰੀ ਨਾਲ ਇਸ ਸੰਘਰਸ਼ ਦੀ ਅਗਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਹੈ |
ਧਰਨੇ ਵਿਚ ਪੁੱਜੇ ਇੰਦਰਪਾਲ ਚੌਹਾਨ ਡੀ.ਐਸ.ਪੀ. ਪਾਤੜਾਂ ਨੇ ਦੱਸਿਆ ਕਿ ਧਰਨਾਕਾਰੀਆਂ ਦੀਆਂ ਬਾਕੀ ਮੰਗਾਂ ਜਿੱਥੇ ਮੌਕੇ 'ਤੇ ਪੂਰੀਆਂ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਫਰਾਰ ਇੱਕ ਦੋਸ਼ੀ ਨੂੰ ਵੀ ਛੇਤੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ ਜਦੋਂ ਕਿ ਬਾਕੀ ਦੋਸ਼ੀ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ | ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਨਿਰਮਲ ਪੰਨੂ ਚਰਨਜੀਤ ਭੁੱਲਰ, ਕੁਲਵੰਤ ਸ਼ਰਮਾ, ਵਿਜੇ ਕੁਮਾਰ ਭੋਲਾ, ਭੀਮ ਆਰਮੀ ਤੋਂ ਡਾ. ਗੁਰਸੇਵਕ ਟੈਕਸੀ ਯੂਨੀਅਨ ਪਾਤੜਾਂ ਦੇ ਪ੍ਰਧਾਨ ਸਰਬਜੀਤ ਸਿੰਘ, ਕਾਂਗਰਸ ਸੇਵਾ ਦਲ ਤੋਂ ਰਾਜਾ ਸਰਾਓ, ਰਿੰਕੂ ਦਾਨਵ ਪਾਤੜਾਂ, ਤਰਸੇਮ ਸ਼ਰਮਾ ਸਾਬਕਾ ਸਰਪੰਚ, ਧਨੀਰਾਮ, ਖੁਸ਼ੀ ਹਮਝੜੀ, ਬੀਐਸਪੀ ਤੋਂ ਜੱਗੀ ਪਾਤੜਾਂ, ਮਦਨਪਾਲ ਖਟਕੜ, ਗੁਰਮੇਲ ਸਿੰਘ ਘੱਗਾ, ਗੁਰਜੰਟ ਸਿੰਘ ਦੁਗਾਲ, ਨਿਹੰਗ ਸਿੰਘ ਜਥੇਬੰਦੀਆਂ ਤੋਂ ਗੁਰਵਿੰਦਰ ਸਿੰਘ ਸ਼ੇਰਗੜ੍ਹ ਮਨਪ੍ਰੀਤ ਸਿੰਘ ਹਾਮਝੇੜੀ ਆਦਿ ਮੌਜੂਦ ਸਨ |