ਸਨੌਰ, 9 ਅਪ੍ਰੈਲ (ਮੋਹਣ ਸਿੰਘ ਭੱਟੀ)-ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇੰਚਾਰਜ ਕਮੇਟੀ ਦੇ ਮੈਂਬਰ ਕਿ੍ਸ਼ਨ ਸਿੰਘ ਸਨੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਦਿੱਤੇ ਗਏ ਤਾਜ਼ਾ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਸ. ਸਨੌਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਵਲੋਂ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾ ਕੇ ਦਿੱਤੇ ਜਾ ਰਹੇ ਬਿਆਨ ਪੰਥ ਅਤੇ ਕੌਮ ਦੇ ਹਿਤਾਂ ਵਿਚ ਨਹੀਂ ਹਨ, ਸਗੋਂ ਇਹ ਪੰਥਕ ਲੀਡਰਸ਼ਿਪ ਅਤੇ ਸ. ਬਾਦਲ ਵਿਰੁੱਧ ਰਚੀਆਂ ਗਈਆਂ ਡੂੰਘੀਆਂ ਸਾਜ਼ਿਸ਼ਾਂ 'ਤੇ ਪਰਦਾ ਪਾਉਣ ਦੀ ਇੱਕ ਨਾਕਾਮ ਕੋਸ਼ਿਸ਼ ਹੈ | ਉਨ੍ਹਾਂ ਸਪਸ਼ਟ ਕੀਤਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਗਏ ਹੁਕਮਨਾਮੇ ਅਤੇ ਸਮੁੱਚੀ ਲੀਡਰਸ਼ਿਪ ਨੂੰ ਲਗਾਈ ਗਈ ਧਾਰਮਿਕ ਸੇਵਾ (ਤਨਖ਼ਾਹ) ਨੂੰ ਸਰਕਾਰ ਅਤੇ ਦਲ ਦਾ ਮੁਖੀ ਹੋਣ ਦੇ ਨਾਤੇ ਸਰਦਾਰ ਸੁਖਬੀਰ ਸਿੰਘ ਬਾਦਲ ਇਕ ਨਿਮਾਣੇ ਸਿੱਖ ਵਜੋਂ ਪੂਰੀ ਨਿਮਰਤਾ ਅਤੇ ਸ਼ਰਧਾ ਭਾਵਨਾ ਨਾਲ ਪੂਰੀ ਕਰਕੇ ਅਰਦਾਸ ਕਰਵਾ ਦਿੱਤੀ ਸੀ, ਜੋ ਉਨ੍ਹਾਂ ਦੀ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਤੀਕ ਹੈ | ਇਸ ਦੇ ਬਾਵਜੂਦ ਉਨ੍ਹਾਂ ਨੂੰ ਜਾਣ-ਬੁੱਝ ਕੇ ਬਦਨਾਮ ਕਰਨਾ ਕਿਸੇ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ | ਸ. ਸਨੌਰ ਨੇ ਅੱਗੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਦੇ ਹੀ ਸਾਥੀ ਰਹੇ ਲੋਕਾਂ ਵਲੋਂ ਪਰਦਾਫਾਸ਼ ਕਰਦਿਆਂ ਇਸ ਸਾਜ਼ਿਸ਼ ਨੂੰ ਸੰਗਤਾਂ ਦੀ ਕਚਹਿਰੀ ਵਿਚ ਨੰਗਾ ਕਰ ਦਿੱਤਾ ਗਿਆ ਹੈ, ਤਾਂ ਗਿਆਨੀ ਰਘਬੀਰ ਸਿੰਘ ਬੌਖਲਾਹਟ ਵਿੱਚ ਆ ਕੇ ਅਜਿਹੇ ਨਿਰਾਧਾਰ ਬਿਆਨ ਦਾਗ ਰਹੇ ਹਨ | ਉਨ੍ਹਾਂ ਸਵਾਲ ਕੀਤਾ ਕਿ ਕੀ ਉਨ੍ਹਾਂ ਦੇ ਸਾਥੀ ਰਹੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਕ ਵੱਖਰਾ ਸ਼੍ਰੋਮਣੀ ਅਕਾਲੀ ਦਲ ਖੜਾ ਕਰਨਾ ਕਿਸੇ ਸਾਜ਼ਿਸ਼ ਦਾ ਸਬੂਤ ਨਹੀਂ ਸੀ? ਇਸ ਲਈ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਨੂੰ ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਫੇਰਨ ਦੀ ਲੋੜ ਹੈ | ਅਕਾਲੀ ਲੀਡਰਸ਼ਿਪ ਨੇ ਗਿਆਨੀ ਰਘਬੀਰ ਸਿੰਘ ਵਲੋਂ ਸ. ਬਾਦਲ ਨੂੰ ਦਿੱਤੀ ਗਈ ਚੁਣੌਤੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਸਿਰਫ ਆਪਣੀਆਂ ਗਲਤੀਆਂ ਨੂੰ ਸਹੀ ਠਹਿਰਾਉਣ ਦੀ ਇੱਕ ਹਤਾਸ਼ ਕੋਸ਼ਿਸ਼ ਹੈ | ਸਿੱਖ ਸੰਗਤਾਂ ਭਲੀ-ਭਾਂਤ ਜਾਣਦੀਆਂ ਹਨ ਕਿ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ | ਸ. ਸਨੌਰ ਨੇ ਅੰਤ ਵਿਚ ਦੁਹਰਾਇਆ ਕਿ ਸਮੁੱਚਾ ਪਾਰਟੀ ਕਾਡਰ ਅਤੇ ਪੰਥ ਦਰਦੀ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਚੱਟਾਨ ਵਾਂਗ ਡਟੇ ਹੋਏ ਹਨ ਅਤੇ ਅਜਿਹੀ ਬਿਆਨਬਾਜ਼ੀ, ਜੋ ਸਿੱਖੀ ਸਿਧਾਂਤਾਂ ਦੀ ਆੜ ਵਿਚ ਸਿਆਸੀ ਰੋਟੀਆਂ ਸੇਕਣ ਵਰਗੀ ਹੈ, ਨਾਲ ਸ. ਬਾਦਲ ਦੇ ਅਕਸ ਅਤੇ ਉਨ੍ਹਾਂ ਦੀ ਪੰਥ ਪ੍ਰਤੀ ਸਮਰਪਣ ਭਾਵਨਾ ਨੂੰ ਕੋਈ ਢਾਹ ਨਹੀਂ ਲਾਈ ਜਾ ਸਕਦੀ |