ਸਮਾਣਾ, 10 ਅਪ੍ਰੈਲ (ਸਾਹਿਬ ਸਿੰਘ)-ਹਲਕਾ ਸਮਾਣਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਸੱਟ ਵੱਜੀ ਜਦੋਂ ਮੌਜੂਦਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਜਾਹਲਾਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਕਾਂਗਰਸ ਲਈ ਇਹ ਮਾੜੀ ਖ਼ਬਰ ਇਸ ਲਈ ਵੀ ਹੈ ਕਿ ਕਾਂਗਰਸ ਦਾ ਇਕਲੌਤਾ ਬਲਾਕ ਸੰਮਤੀ ਮੈਂਬਰ ਜਿੱਤਿਆ ਸੀ | ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸੁਖਵਿੰਦਰ ਸਿੰਘ ਜਾਹਲਾਂ ਅਤੇ ਉਨ੍ਹਾਂ ਦੀ ਟੀਮ ਦਾ 'ਆਪ' ਪਰਿਵਾਰ ਵਿਚ ਤਹਿ ਦਿਲੋਂ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹੀ ਵੱਖ-ਵੱਖ ਪਾਰਟੀਆਂ ਦੇ ਆਗੂ 'ਆਪ' ਨਾਲ ਜੁੜ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਲੋਕਾਂ ਦੀ ਸੇਵਾ ਹੋਰ ਤਾਕਤ ਨਾਲ ਕੀਤੀ ਜਾਵੇਗੀ | ਇਸ ਸਮਾਗਮ ਦੌਰਾਨ ਬਲਕਾਰ ਸਿੰਘ ਗੱਜੂਮਾਜਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਅਤੇ ਬਲਕਾਰ ਸਿੰਘ ਰਾਜਗੜ੍ਹ ਵਾਈਸ ਚੇਅਰਮੈਨ ਵੀ ਹਾਜ਼ਰ ਸਨ | ਉਨ੍ਹਾਂ ਨੇ ਵੀ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ | ਸਮਾਗਮ ਦੌਰਾਨ ਵਰਕਰਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਆਉਣ ਵਾਲੇ ਸਮੇਂ ਵਿਚ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਵਿਚ 'ਆਪ' ਦੀ ਮਜ਼ਬੂਤੀ ਦੀ ਗੱਲ ਉੱਭਰ ਕੇ ਸਾਹਮਣੇ ਆਈ ਹੈ | ਸ. ਜੌੜਾਮਾਜਰਾ ਦੇ ਹਲਕੇ ਅੰਦਰ ਹੱਥ ਹੋਰ ਮਜ਼ਬੂਤ ਹੁੰਦੇ ਵਿਖਾਈ ਦੇ ਰਹੇ ਹਨ |