ਪਟਿਆਲਾ, 10 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਅਗਵਾਈ 'ਚ ਪੰਜਾਬ ਭਰ ਵਿਚ ਨਰੇਗਾ 2005 ਦੇ ਤਹਿਤ ਪਿਛਲੇ ਸਾਲ 2025 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਕਾਮਿਆਂ ਨੇ ਕੰਮ ਦੀ ਮੰਗ ਕੀਤੀ ਸੀ, ਕਿਰਤੀ ਵਿਰੋਧੀ ਸਰਕਾਰਾਂ ਨੇ ਇਨ੍ਹਾਂ ਪੇਂਡੂ ਨਰੇਗਾ ਕਾਮਿਆਂ ਨੂੰ ਨਾ ਕੰਮ ਦਿੱਤਾ ਨਾ ਹੀ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਰਜ ਕੀਤੀਆਂ | ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਪੇਂਡੂ ਕਿਰਤੀ, ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਪਿਛਲੇ 10 ਮਹੀਨਿਆਂ ਤੋਂ ਪੰਜਾਬ ਦੇ ਨਰੇਗਾ ਕਾਮਿਆਂ ਨੂੰ ਕੰਮ ਨਹੀਂ ਦਿੱਤਾ ਗਿਆ, ਨਰੇਗਾ ਕਿਰਤੀ ਇਹ ਮਹੀਨਿਆਂ ਵਿਚ ਵਾਰ-ਵਾਰ ਬੀ.ਡੀ.ਪੀ.ਓ. ਦਫ਼ਤਰਾਂ ਦੇ ਚੱਕਰ ਮਾਰ ਮਾਰ ਥੱਕ ਗਏ | ਉਨ੍ਹਾਂ ਕਿਹਾ ਕਿ ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਨਰੇਗਾ ਕਾਮਿਆਂ ਨੇ ਏ.ਡੀ.ਸੀ. ਦਫ਼ਤਰ ਪਟਿਆਲਾ ਵਿਖੇ ਧਰਨਾ ਦਿੱਤਾ ਤੇ ਏ.ਡੀ.ਸੀ. ਦਮਨਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਤੇ ਪਿਛਲੇ ਸਮੇਂ ਕੰਮ ਨਾ ਮਿਲਣ 'ਤੇ ਬੇਰੁਜ਼ਗਾਰੀ ਭੱਤੇ ਦੀਆਂ ਅਰਜ਼ੀਆਂ ਦਰਜ ਕਰਵਾ ਕੇ ਰਸੀਦਾਂ ਪ੍ਰਾਪਤ ਕੀਤੀਆਂ | ਇਸ ਸਮੇਂ ਇਨ੍ਹਾਂ ਕਾਮਿਆਂ ਨਾਲ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਗਦਾਈਆ, ਭਿੰਦਰ ਸਿੰਘ ਗਦਾਈਆ, ਬੱਗਾ ਸਿੰਘ ਗਲਵੱਟੀ, ਮਨਪ੍ਰੀਤ ਕੌਰ ਕਿਸ਼ਨਗੜ੍ਹ, ਜਗਜੀਤ ਸਿੰਘ ਗਦਾਈਆਂ ਸਨ | ਇਸ ਮੌਕੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ 'ਤੇ ਪੰਜਾਬ ਦੀ ਮਾਨ ਸਰਕਾਰ ਨੇ ਪਿੰਡਾਂ ਦੇ ਇੰਨਾ ਹਾਸ਼ੀਏ 'ਤੇ ਧੱਕ ਦਿੱਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ | ਇਨ੍ਹਾਂ ਸਰਕਾਰਾਂ ਦੇ ਚੱਲਦਿਆਂ ਕਿਰਤੀ ਲੋਕਾਂ ਨੂੰ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨਾ ਹੋਵੇਗਾ | ਕਿਰਤੀ ਆਗੂ ਨੇ ਕਿਹਾ ਕਿ ਜੇਕਰ ਨਰੇਗਾ ਕਾਮਿਆਂ ਨੂੰ ਕੰਮ ਜਾਂ ਬੇਰੁਜ਼ਗਾਰੀ ਭੱਤਾ ਨਾ ਦਿੱਤਾ ਤਾਂ ਉਹ ਨਰੇਗਾ 'ਚ ਹੋਰ ਕੰਮ ਕਰਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਤਿੱਖਾ ਕਰਨਗੇ ਤੇ ਪੰਜਾਬ ਭਰ 'ਚ ਮੋਦੀ ਹਕੂਮਤ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ |