ਪਟਿਆਲਾ, 13 ਅਪ੍ਰੈਲ (ਅ.ਸ. ਆਹਲੂਵਾਲੀਆ)-ਸ੍ਰੀ ਕਾਲੀ ਦੇਵੀ ਮੰਦਿਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏ.ਡੀ.ਸੀ. ਸਿਮਰਪ੍ਰੀਤ ਕੌਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜ. ਪਿਯੂਸ਼ ਅਗਰਵਾਲ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਕਮੇਟੀ ਦੇ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ਦੇ ਪਹਿਲੇ ਫ਼ੇਜ਼ 'ਚ ਲੰਗਰ ਦਾ ਲੈਂਟਰ ਪੈ ਚੁੱਕਾ ਹੈ ਅਤੇ ਬਾਕੀ ਪ੍ਰਾਜੈਕਟਾਂ ਉੱਪਰ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਦੂਜੇ ਫ਼ੇਜ਼ ਲਈ ਵੀ ਟੈਂਡਰ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਮਾਤਾ ਦੇ ਸ਼ਰਧਾਲੂਆਂ ਨੂੰ ਇਸੇ ਸਾਲ ਦੇ ਅੰਤ ਤੱਕ ਬਹੁਤ ਹੀ ਸ਼ਾਨਦਾਰ ਤੇ ਵਿਸ਼ਾਲ ਮੰਦਿਰ ਦੇ ਦਰਸ਼ਨ ਹੋਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲਗਾਤਾਰ ਇਨ੍ਹਾਂ ਕੰਮਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ ਕਰੀਬ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ¢ ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਲੰਗਰ ਦੀ ਛੱਤ ਦਾ ਲੈਂਟਰ ਪੈ ਚੁੱਕਾ ਹੈ ਅਤੇ ਦੂਜੇ ਪੜਾਅ ਲਈ ਟੈਂਡਰ ਲੱਗ ਚੁੱਕਾ ਹੈ | ਪਹਿਲੇ ਪੜਾਅ ਵਿਚ ਸਰੋਵਰ ਦੇ ਖੇਤਰ ਦੇ ਆਲੇ-ਦੁਆਲੇ ਨਵੇਂ ਬਿਲਡਿੰਗ ਬਲਾਕ ਬਣਾਏ ਜਾ ਰਹੇ ਹਨ ਤੇ ਇਸ ਪੜਾਅ ਵਿਚ ਸਰੋਵਰ ਦੀ ਮੁਰੰਮਤ ਤੇ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ | ਵੱਖ-ਵੱਖ ਬਲਾਕਾਂ ਵਿਚ ਇਕ ਵੱਡਾ ਲੰਗਰ ਹਾਲ, ਰਸੋਈ, ਭਾਂਡੇ ਧੋਣ ਵਾਲੇ ਖੇਤਰ ਤੇ ਸੁੱਕੇ ਭੰਡਾਰਨ ਖੇਤਰ ਸ਼ਾਮਲ ਹਨ | ਇਸ ਲੰਗਰ ਹਾਲ ਦੇ ਛੱਤ ਪੱਧਰ 'ਤੇ ਸ਼ਰਧਾਲੂਆਂ ਲਈ ਫੁਹਾਰੇ ਦੇ ਸ਼ੋਅ ਦਾ ਅਨੰਦ ਲੈਣ ਲਈ ਖੁੱਲ੍ਹੇ 'ਚ ਬੈਠਣ ਦਾ ਪ੍ਰਬੰਧ ਹੈ | ਇਸ ਤਰ੍ਹਾਂ ਇਸ ਪੜਾਅ ਵਿਚ ਸਰੋਵਰ ਵਿਚ ਨਵੇਂ ਫੁਹਾਰੇ ਵੀ ਲਗਾਏ ਜਾਣਗੇ | ਮੰਦਰ ਕੰਪਲੈਕਸ ਦੇ ਸ਼ਾਨਦਾਰ ਪ੍ਰਵੇਸ਼ ਦੁਆਰ ਦੇ ਨਾਲ ਖੁੱਲ੍ਹਾ ਵਿਹੜਾ ਅਤੇ ਟ੍ਰੀ ਪੋਡੀਅਮ ਬਣਾਇਆ ਜਾਵੇਗਾ | ਸਰੋਵਰ ਦੇ ਆਲੇ-ਦੁਆਲੇ ਇਕ ਚਾਰੇ ਪਾਸੇ ਛੱਤ ਵਾਲਾ ਕਾਰੀਡੋਰ ਬਣਾਇਆ ਜਾ ਰਿਹਾ ਹੈ, ਜਿੱਥੇ ਵੱਖ-ਵੱਖ ਸਹੂਲਤਾਂ ਜਿਵੇਂ ਕਿ ਪ੍ਰਸ਼ਾਦ ਘਰ, ਜੋੜਾ ਘਰ, ਟਾਈਲਟ ਬਲਾਕ, ਮੀਟਿੰਗ ਹਾਲ, ਸੁਰੱਖਿਆ ਕਮਰੇ, ਪੰਪ ਹਾਊਸ, ਇਲੈਕਟ੍ਰੀਕਲ ਪੈਨਲ ਰੂਮ ਅਤੇ ਸਹਾਇਕ ਸੇਵਾਵਾਂ ਚੱਲ ਰਹੇ ਕੰਮ ਦਾ ਹਿੱਸਾ ਹਨ | ਪ੍ਰੋਜੈਕਟ ਦੇ ਦੂਜੇ ਪੜਾਅ ਵਿਚ ਮੌਜੂਦਾ ਮੰਦਰ ਕੰਪਲੈਕਸ ਦੀ ਮੁਰੰਮਤ ਤੇ ਬਹਾਲੀ ਦੇ ਨਾਲ-ਨਾਲ ਮਾਲ ਰੋਡ ਵਾਲੇ ਪਾਸੇ ਨਵੀਂ ਚਾਰਦੀਵਾਰੀ ਅਤੇ ਵੀਆਈਪੀ ਪ੍ਰਵੇਸ਼ ਦੁਆਰ ਦੇ ਨਾਲ-ਨਾਲ ਪੁਜਾਰੀ ਘਰ, ਸ਼ਰਾਬ ਕੁੰਡ ਅਤੇ ਸਤਸੰਗ ਹਾਲ ਬਣਾਏ ਜਾਣਗੇ¢