ਪਟਿਆਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅਨਾਜ ਮੰਡੀ ਬਲਬੇੜਾ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦੀ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਮੌਜੂਦ ਕਿਸਾਨਾਂ ਤੇ ਆੜ੍ਹਤੀਆਂ ਨੇ ਚੰਦੂਮਾਜਰਾ ਨੂੰ ਫ਼ਸਲ ਵੇਚਣ ਸਮੇਂ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੱਸੀਆਂ | ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਕਦੇ ਬਰਸਾਤ ਦੀ ਮਾਰ ਤੇ ਕਦੇ ਸਰਕਾਰ ਦੀ ਮਾਰ ਝੱਲ ਰਹੇ ਹਨ ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਦੁਖੀ ਹਨ | ਇਸ ਮੌਕੇ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਜਿਹੜੀ ਕਣਕ ਸਰਕਾਰ ਵਲੋਂ ਖ਼ਰੀਦੀ ਗਈ ਉਸ ਦੀ ਲਿਫ਼ਟਿੰਗ ਨਾ ਹੋਣ ਕਾਰਨ ਉਹ ਵੀ ਮੰਡੀਆਂ 'ਚ ਹੀ ਪਈ ਹੈ ਜਿਸ ਕਰ ਕੇ ਸਾਨੂੰ ਫ਼ਸਲ ਉਤਾਰਨ ਲਈ ਥਾਂ ਨਹੀਂ ਮਿਲ ਰਹੀ | ਆੜ੍ਹਤੀਏ ਵੀ ਮਾਲ ਫਿਲਹਾਲ ਲਿਆਉਣ ਤੋਂ ਇਸ ਲਈ ਰੋਕ ਰਹੇ ਹਨ, ਜਗ੍ਹਾ ਨਹੀਂ ਮਿਲ ਰਹੀ ਕਿ ਕੁੱਝ ਦਿਨ ਰੁਕ ਕੇ ਲੈ ਕੇ ਆਓ, ਮੰਡੀ ਵਿਚ ਥਾਂ ਨਹੀਂ ਹੈ | ਕਿਸਾਨਾਂ ਨੇ ਦੱਸਿਆ ਕਿ ਹੁਣ ਬੇਵਸ ਕਿਸਾਨ ਕਿੱਥੇ ਜਾਣ | ਸਾਬਕਾ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਅੰਦਰ ਖ਼ਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣੀ ਸੀ ਅੱਜ 15 ਅਪ੍ਰੈਲ ਹੋ ਗਈ ਪਰ ਕਣਕ ਦੀ ਖ਼ਰੀਦ ਨਾਂਮਾਤਰ ਹੀ ਹੋਈ ਹੈ ਪਰ ਦੂਜੇ ਪਾਸੇ ਸਾਡਾ ਮੁੱਖ ਮੰਤਰੀ ਆਪਣੀਆਂ ਸਿਆਸੀ ਰੈਲੀਆਂ ਵਿਚ ਰੁੱਝਾ ਹੋਇਆ ਹੈ | ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਆਪਣੀ ਰੈਲੀਆਂ ਛੱਡ ਕੇ ਕੇਂਦਰ ਨਾਲ ਜਲਦ ਗੱਲਬਾਤ ਕਰਕੇ ਕਣਕ ਦੀ ਖ਼ਰੀਦ ਸ਼ੁਰੂ ਕਰਵਾ ਕੇ ਕਿਸਾਨਾਂ ਦੀ ਸਾਰ ਲੈਣ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼ੋ੍ਰਮਣੀ ਕਮੇਟੀ, ਖੁਸ਼ਵੰਤ ਸਿੰਘ ਢਿਲੋਂ, ਜਥੇ. ਨਿਰੰਜਨ ਸਿੰਘ ਫੌਜੀ, ਹਰਕੇਸ਼ ਮਿੱਤਲ, ਦਵਿੰਦਰ ਸਿੰਘ ਕਰਤਾਰਪੁਰ, ਬਖਸ਼ੀਸ਼ ਸਿੰਘ, ਕਿਸ਼ੋਰੀ ਲਾਲ, ਰੁਪਿੰਦਰ ਸ਼ਰਮਾ, ਸਤਪਾਲ ਸਿੰਘ, ਜਸਵੰਤ ਸਿੰਘ ਕਰਾਤਰਪੁਰ, ਦਿਲਬਾਗ ਸਿੰਘ ਤੇ ਹੋਰ ਕਿਸਾਨ ਅਤੇ ਆੜ੍ਹਤੀ ਮੌਜੂਦ ਸਨ |