ਬਨੂੜ, 16 ਅਪ੍ਰੈਲ (ਭੁਪਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਦੀ ਅਹਿਮ ਬੈਠਕ ਤਹਿਸੀਲ ਬਨੂੜ ਦੇ ਪ੍ਰਧਾਨ ਨੰਬਰਦਾਰ ਕੁਲਵੀਰ ਸਿੰਘ ਖਾਸਪਰ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੋਰ ਤੇ ਸਵਰਨ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਲਾਂਡਰਾ, ਸੂਬਾ ਖ਼ਜ਼ਾਨਚੀ ਗੁਰਜੀਤ ਸਿੰਘ ਲਾਂਡਰਾ, ਭਜਨ ਸਿੰਘ ਤੋਂ ਇਲਾਵਾ ਯੂਨੀਅਨ ਦੇ ਹੋਰ ਸੂਬਾਈ ਅਹੁਦੇਦਾਰ ਪਹੁੰਚੇ | ਇਸ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨੰਬਰਦਾਰਾ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਜਾਣ 'ਤੇ ਯੂਨੀਅਨ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਉਨ੍ਹਾਂ ਯੂਨੀਅਨ ਦੀਆਂ ਮੰਗਾਂ ਜਿਵੇਂ ਹਰਿਆਣਾ ਦੀ ਤਰਜ਼ 'ਤੇ 5000 ਮਾਣ ਭੱਤਾ ਦੇਣ, ਨੰਬਰਦਾਰੀ ਜੱਦੀ ਪੁਸ਼ਤੀ ਕਰਨ, ਬੱਸਾਂ ਵਿਚ ਕਿਰਾਇਆ ਮੁਆਫ਼ ਕਰਨ, ਬੈਠਕਾ ਕਰਨ ਲਈ ਤਹਿਸੀਲ ਪੱਧਰ 'ਤੇ ਕਮਰੇ ਬਣਾ ਕੇ ਦੇਣ, ਟੋਲ ਪਲਾਜ਼ਾ ਮੁਆਫ਼ੀ ਕਰਨ ਤੋਂ ਇਲਾਵਾ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ | ਯੂਨੀਅਨ ਦੇ ਆਗੂਆਂ ਵਲੋਂ ਇਨ੍ਹਾਂ ਮੰਗਾਂ ਸੰਬੰਧੀ ਮੰਗ ਪੱਤਰ ਨਾਇਬ ਤਹਿਸੀਲਦਾਰ ਦੇ ਰੀਡਰ ਨੂੰ ਸੌਂਪਿਆ ਗਿਆ ਅਤੇ ਸੂਬਾ ਸਰਕਾਰ ਤੋਂ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ |