ਪਟਿਆਲਾ, 16 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ 60 ਵਾਰਡਾਂ 'ਚ ਸਫ਼ਾਈ ਨੂੰ ਲੈ ਕੇ ਨਗਰ ਨਿਗਮ ਜਿੱਥੇ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਉੱਥੇ ਹੀ ਆਪਣੇ ਮੁਲਾਜਮਾਂ ਨੂੰ ਹਰ ਤਰ੍ਹਾਂ ਦੀ ਛੂਟ ਦੇ ਕੇ ਮੇਅਰ ਅਤੇ ਕਮਿਸ਼ਨਰ ਵਲੋਂ ਵੀ ਸਫ਼ਾਈ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਗੱਲ ਕਹੀ ਗਈ ਹੈ | ਜਿਸ ਤੋਂ ਬਾਅਦ ਪਟਿਆਲਾ ਸ਼ਹਿਰ ਦੀਆਂ ਕਈ ਅਜਿਹੀਆਂ ਥਾਵਾਂ ਸਾਫ਼ ਸੁਥਰੀਆਂ ਦਿਖ ਰਹੀਆਂ ਹਨ | ਜਿੱਥੇ ਹਰ ਵੇਲੇ ਕੂੜਾ- ਕਰਕਟ ਪਿਆ ਰਹਿੰਦਾ ਸੀ ਇਸ ਤੋਂ ਇਲਾਵਾ ਨਵੇਂ ਹੁਕਮਾਂ ਮੁਤਾਬਿਕ ਜਿਹੜੇ ਲੋਕ ਆਪਣੇ ਰੈਸਟੋਰੈਂਟ ਰੇੜੀਆਂ ਫੜੀਆਂ ਦੇ ਬਹਾਰ ਜਾਂ ਨਾਲ ਗੰਦ ਸੁੱਟ ਕੇ ਚਲੇ ਜਾਂਦੇ ਹਨ ਉਨ੍ਹਾਂ ਨੂੰ ਮੋਟੇ ਜੁਰਮਾਨੇ ਕੀਤੇ ਜਾਣਗੇ, ਇੰਨੀ ਸਖ਼ਤ ਚੇਤਾਵਨੀ ਦੇ ਬਾਵਜੂਦ ਪਟਿਆਲਾ ਦੀ ਭੁਪਿੰਦਰਾ ਰੋਡ ਸਥਿਤ ਕੁਝ ਰੇੜੀ ਫੜੀਆਂ ਵਾਲਿਆਂ ਵਲੋਂ ਸ਼ਰੇਆਮ ਗੰਦ ਪਾ ਕੇ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਜਿਸ ਵਿਚ ਪੁਰਾਣਾ ਪੀ.ਡਬਲਯੂ.ਡੀ. ਰੈਸਟ ਹਾਊਸ ਜੋ ਭੁਪਿੰਦਰਾ ਰੋਡ ਦੇ ਉੱਪਰ ਸਥਿਤ ਹੈ ਉਸ ਦੇ ਬਾਹਰ ਲੱਗੀਆਂ ਕੁਝ ਰੇੜੀਆਂ ਵਲੋਂ ਲੋਕਾਂ ਨੂੰ ਪਲਾਸਟਿਕ ਦੇ ਕੱਪ ਪਲੇਟਾਂ ਆਦਿ ਦਿੱਤੇ ਜਾਂਦੇ ਹਨ ਜੋ ਉਹ ਖਾਣ ਤੋਂ ਬਾਅਦ ਨਾਲ ਲੱਗਦੀ ਕੰਧ ਦੇ ਅੰਦਰ ਸੁੱਟ ਰਹੇ ਹਨ | ਜਿਸ ਦਾ ਵਾਤਾਵਰਨ ਪ੍ਰੇਮੀ ਜੋ ਇਸ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਲਈ ਦਿਨ-ਰਾਤ ਜੱਦੋ-ਜਹਿਦ ਕਰ ਰਹੇ ਹਨ | ਇਸ ਤੋਂ ਇਲਾਵਾ ਬੰਦ ਪਏ ਪੀ.ਡਬਲਯੂ.ਡੀ. ਰੈਸਟ ਹਾਊਸ ਦੇ ਅੰਦਰ ਵੱਡੀ ਮਾਤਰਾ 'ਚ ਕਵਾੜ ਇਕੱਠਾ ਹੋ ਰਿਹਾ ਹੈ | ਜੋ ਇੱਥੇ ਬਦਬੂ ਦਾ ਕਾਰਨ ਵੀ ਬਣਿਆ ਪਿਆ ਹੈ | ਇਸ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੀ ਰੇੜੀਆਂ ਫੜੀਆਂ ਵਾਲਿਆਂ ਵਲੋਂ ਕੀਤੀ ਜਾ ਰਹੀ ਮਨ ਮਰਜ਼ੀ ਹੁਕਮਰਾਨ ਧਿਰ ਦੇ ਆਗੂਆਂ ਦੀ ਸ਼ਹਿ 'ਤੇ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗੱਲ ਕੀਤੀ ਗਈ ਕਿ ਤਾਂ ਉਨ੍ਹਾਂ ਕਿਹਾ ਕਿ ਉਹ ਸੰਬੰਧਿਤ ਸ਼ਾਖਾ ਨੂੰ ਕਹਿ ਕੇ ਕੂੜਾ ਸੁੱਟਣ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |