ਰਾਜਪੁਰਾ, 18 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਅੰਬਾਲਾ ਹਾਈਵੇ 'ਤੇ ਟਰੱਕ ਅਤੇ ਟਰੈਕਟਰ ਦੀ ਟੱਕਰ ਵਿਚ ਦੋ ਵਿਆਕਤੀਆਂ ਦੀ ਮੌਤ ਹੋ ਗਈ ਅਤੇ ਜਦ ਦੋ ਜ਼ਖਮੀ ਹੋ ਗਏ ਹਨ, ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਟੱਕਰ ਇਨੀ ਜ਼ਿਆਦਾ ਭਿਆਨਕ ਸੀ ਟਰੈਕਟਰ ਦੇ ਦੋ ਹਿੱਸੇ ਹੋ ਗਏ | ਜਾਣਕਾਰੀ ਮੁਤਾਬਕ ਟਰੱਕ ਅੰਬਾਲਾ ਵਲੋਂ ਰਾਜਪੁਰਾ ਨੂੰ ਆ ਰਿਹਾ ਸੀ | ਜਦੋਂ ਉਹ ਟੋਲ ਪਲਾਜਾ ਨੇੜੇ ਗਿਆ ਤਾਂ ਇਕ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਵੀ ਜਾ ਰਹੀ ਸੀ, ਇਸੇ ਦੌਰਾਨ ਟਰੱਕ ਨੇ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਟਰੇੈਕਟਰ ਟਰਾਲੀ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਏ | ਹਾਦਸੇ ਦੀ ਸੂਚਨਾ ਮਿਲਦੇ ਹੀ ਨੈਸ਼ਨਲ ਹਾਈ ਵੇ ਅਥਾਰਟੀ ਦੀ ਐਬੂਲੈਂਸ ਆ ਗਈ | ਇਸ ਦੌਰਾਨ ਸੜਕ ਦੇ ਚੀਕ ਚਿਹਾੜਾ ਪੈ ਗਿਆ | ਆਵਾਜਾਈ ਨੂੰ ਚਾਲੂ ਰੱਖਣ ਲਈ ਵਾਹਨਾਂ ਨੂੰ ਇਧਰ ਉਧਰ ਕੀਤਾ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ | ਮੌਕੇ 'ਤੇ ਪੁਲਿਸ ਨੇ ਆ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਆਈ ਓ ਥਾਣੇਦਾਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਾਜਿਦ ਵਾਸੀ ਯੂ.ਪੀ. ਅਤੇ ਸ਼ਿਵ ਕਾਂਤ ਵਾਸੀ ਹਰਿਆਣਾ ਦੋਵੇਂ ਡਰਾਇਵਰਾਂ ਦੀ ਮੌਤ ਹੋ ਗਈ ਹੈ |