ਪਟਿਆਲਾ, 18 ਅਪ੍ਰੈਲ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਭਾਵੇਂ ਐਕਸਾਈਜ਼ ਦੇ ਜਰੀਏ ਸੂਬੇ ਦਾ ਮਾਲੀਆ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਜੇ ਪਾਸੇ ਸ਼ਰਾਬ ਤਸਕਰ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਬਰਾਂਡਾ 'ਚ ਪਾ ਕੇ ਆਪਣਾ ਜੇਬਾਂ ਗਰਮ ਰਹੇ ਹਨ | ਇਸੇ ਸਿਲਸਿਲੇ ਤਹਿਤ ਹੀ ਪਟਿਆਲਾ ਸ਼ਹਿਰ 'ਚ ਸਿਵਲ ਲਾਈਨ ਥਾਣਾ ਤੋਂ ਮਹਿਜ਼ ਕਿੱਲੋਮੀਟਰ ਦੀ ਦੂਰੀ 'ਤੇ ਇਕ ਵਿਅਕਤੀ ਘਰੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ 1500 ਤੋਂ ਲੈ ਕੇ 4000 ਹਜ਼ਾਰ ਦੀਆਂ ਮਹਿੰਗੀਆਂ ਬੋਤਲਾਂ ਇਕੱਠੀਆਂ ਕਰ ਕੇ ਉਨ੍ਹਾਂ 'ਚ ਪਾ ਕੇ ਖ਼ਰੀਦਦਾਰਾਂ ਨੂੰ ਵੇਚਦਾ ਸੀ | ਸੂਤਰਾਂ ਨੇ ਦੱਸਿਆ ਹੈ ਕਿ ਮੁਲਜ਼ਮ ਪਹਿਲਾਂ ਵਿਆਹਾਂ 'ਚ ਸ਼ਰਾਬ ਵਰਤਾਉਣ ਦਾ ਕੰਮ ਕਰਦਾ ਸੀ ਜਿੱਥੋਂ ਉਹ ਮਹਿੰਗੇ ਬਰੈਂਡ ਦੀਆਂ ਖ਼ਾਲੀ ਬੋਤਲਾਂ ਇਕੱਠੀਆਂ ਕਰ ਲੈਂਦਾ ਸੀ ਤੇ ਬਾਅਦ 'ਚ ਉਸ ਨੇ ਢੱਕਣ ਤੇ ਸੀਲਾਂ ਲਗਾਉਣ ਦਾ ਜੁਗਾੜ ਵੀ ਕਰ ਲਿਆ ਸੀ | ਉਹ ਆਮ ਕਰ ਕੇ ਜਿਸ ਤਰ੍ਹਾਂ ਦੀ ਮੰਗ ਹੁੰਦੀ ਸੀ ਉਸੇ ਤਰ੍ਹਾਂ ਦੀ ਬੋਤਲ ਬਣਾ ਕੇ ਵਿਅਕਤੀ ਨੂੰ ਵੇਚ ਦਿੰਦਾ ਸੀ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪਿਛਲੇ 6 ਮਹੀਨਿਆਂ ਤੋਂ ਪਟਿਆਲਾ ਸ਼ਹਿਰ 'ਚ ਇਹ ਕਾਰੋਬਾਰ ਕਰ ਰਿਹਾ ਸੀ ਪਰ ਇਸ ਬਾਰੇ ਨਾ ਤਾਂ ਥਾਣੇ ਨੂੰ ਪਤਾ ਲੱਗਾ ਅਤੇ ਨਾ ਹੀ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ | ਕੀ ਇਸ ਦੇ ਪਿੱਛੇ ਕਿਸੇ ਦੀ ਮਿਲੀਭੁਗਤ ਸੀ ਇਹ ਹਾਲੇ ਸਵਾਲ ਹੀ ਬਣਿਆ ਹੋਇਆ ਹੈ? ਮੁਲਜ਼ਮ ਚੰਡੀਗੜ੍ਹ ਜਾਂ ਪੰਜਾਬ ਦੇ ਕਿਸ ਠੇਕੇਦਾਰ ਕੋਲੋਂ ਸ਼ਰਾਬ ਲੈਂਦਾ ਸੀ ਇਸ ਸੰਬੰਧੀ ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਕੁੱਝ ਵੀ ਸਪਸ਼ਟ ਨਹੀਂ ਕੀਤਾ ਗਿਆ |
ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਏ.ਈ.ਟੀ.ਸੀ. ਰਾਜੇਸ਼ ਐਰੀ ਨੇ ਦੱਸਿਆ ਕਿ ਉਕਤ ਛਾਪੇਮਾਰੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਵਲੋਂ ਹੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਜ਼ਿਲ੍ਹੇ 'ਚ ਕੋਈ ਵੀ ਵਿਅਕਤੀ ਨਾਜਾਇਜ਼ ਸ਼ਰਾਬ ਨਾ ਵੇਚੇ | ਇਸ ਸੰਬੰਧੀ ਡੀ.ਐੱਸ.ਪੀ. ਸਿਟੀ ਸਤਨਾਮ ਸਿੰਘ ਸੰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੀ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੈ | ਉਨ੍ਹਾਂ ਕਿਹਾ ਕਿ ਇਹ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਸਾਂਝੇ ਆਪ੍ਰੇਸ਼ਨ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ |
ਮੁਖ਼ਬਰਾਂ ਨੂੰ ਮਿਲ ਰਹੀਆਂ ਨੇ ਧਮਕੀਆਂ :
ਸ਼ਰਾਬ ਦੀ ਮੁਖਬਰੀ ਕਰਨ ਵਾਲੇ ਵਿਅਕਤੀਆਂ ਨੂੰ ਤਸਕਰਾਂ ਵਲੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਿਲਣ ਸੰਬੰਧੀ ਦਸਿਆ ਜਾ ਰਿਹਾ ਹੈ | ਇਸੇ ਗੱਲ ਦੇ ਡਰੋਂ ਗਲਤ ਕੰਮ ਕਰਨ ਵਾਲਿਆਂ ਦੀ ਪੁਲਿਸ ਨੂੰ ਸੂਚਨਾ ਦੇਣ ਤੋਂ ਲੋਕੀ ਡਰਦੇ ਹਨ |
ਚੰਡੀਗੜ੍ਹ ਦੀ ਸਸਤੀ ਸ਼ਰਾਬ ਪਾਈ ਜਾਂਦੀ ਸੀ ਮਹਿੰਗੇ ਬਰਾਂਡ ਦੀਆਂ ਬੋਤਲਾਂ 'ਚ
ਅਜੀਤ ਡੈਸਕ
19-04-2026