ਪਟਿਆਲਾ, 19 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਸਰੂਪ ਚਾਲੂ ਵਿੱਤੀ ਵਰ੍ਹੇ 2026-27 ਦੌਰਾਨ ਨਵਾਂ ਤੇ ਨਿਵੇਕਲਾ ਨਜ਼ਰ ਆਵੇਗਾ | ਇਸ ਸੰਬੰਧੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵਲੋਂ ਰਵਾਇਤੀ ਅੰਦਾਜ਼ 'ਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਿੱਥੇ ਗਿਣਤੀ 'ਚ ਵਾਧਾ ਕੀਤਾ ਗਿਆ ਹੈ ਉੱਥੇ ਇਨ੍ਹਾਂ ਦੇ ਆਯੋਜਨ ਦੇ ਢੰਗਾਂ ਅਤੇ ਮਨੋਰਥਾਂ ਵਿਚ ਵੀ ਨਵੀਨਤਾ ਦਿਖਾਈ ਦੇਵੇਗੀ | ਜਿਸ ਸਦਕਾ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪਸਾਰ ਵਧੇਰੇ ਸੁਚਾਰੂ ਢੰਗ ਨਾਲ ਹੋਵੇਗਾ ਅਤੇ ਨਵੀਂ ਪੀੜ੍ਹੀ ਦਾ ਪੰਜਾਬੀ ਭਾਸ਼ਾ ਪ੍ਰਤੀ ਲਗਾਅ ਵਧੇਗਾ | ਸ. ਜ਼ਫ਼ਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵਲੋਂ ਇਸ ਮਾਲੀ ਵਰ੍ਹੇ ਦੌਰਾਨ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੇ ਜਨਮ ਦਿਨ ਨਿਵੇਕਲੇ ਤਰੀਕੇ ਨਾਲ, ਉਨ੍ਹਾਂ ਦੀ ਜਨਮ ਭੋਇੰ 'ਤੇ ਜਾਂ ਹੋਰਨਾਂ ਢੁਕਵੀਆਂ ਥਾਵਾਂ 'ਤੇ ਮਨਾਏ ਜਾਣਗੇ | ਇਨ੍ਹਾਂ ਮੌਕਿਆਂ 'ਤੇ ਕਰਵਾਏ ਜਾਣ ਵਾਲੇ ਸਮਾਗਮਾਂ ਦੌਰਾਨ ਸੰਬੰਧਿਤ ਗੁਰੂ ਸਾਹਿਬਾਨਾਂ ਦੀ ਬਾਣੀ, ਫ਼ਿਲਾਸਫ਼ੀ ਤੇ ਸਿੱਖਿਆਵਾਂ, ਦੇਸ਼ ਭਗਤਾਂ ਦੀਆਂ ਜੁਝਾਰੂ ਲਿਖਤਾਂ, ਕੁਰਬਾਨੀਆਂ ਤੇ ਜੀਵਨ ਬਾਰੇ ਅਤੇ ਉੱਘੇ ਲਿਖਾਰੀਆਂ ਦੀਆਂ ਸਾਹਿਤਕ ਕਿ੍ਤਾਂ ਤੇ ਜੀਵਨ ਬਾਰੇ ਬਹੁਪਰਤੀ ਗੋਸ਼ਟੀਆਂ 'ਤੇ ਸੈਮੀਨਾਰ ਕਰਵਾਏ ਜਾਣਗੇ | ਇਨ੍ਹਾਂ ਸਮਾਗਮਾਂ ਦਾ ਟੀਚਾ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਸਾਡੇ ਗੁਰੂਆਂ, ਦੇਸ਼ ਭਗਤਾਂ ਤੇ ਸਾਹਿਤਕਾਰਾਂ ਦੀਆਂ ਸ਼ਖ਼ਸੀਅਤਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇ ਕੇ, ਦੇਸ਼ ਭਗਤੀ, ਸਾਹਿਤ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨਾ ਹੋਵੇਗਾ | ਸ. ਜ਼ਫ਼ਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਨਾਮਵਰ ਵਿਦਵਾਨ, ਲੇਖਕ ਤੇ ਕਵੀ ਆਪਣੀਆਂ ਰਚਨਾਵਾਂ ਰਾਹੀਂ ਦਾਨਿਸ਼ਵਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਉਣਗੇ | ਸ. ਜ਼ਫ਼ਰ ਨੇ ਦੱਸਿਆ ਕਿ ਹਰ ਸਮਾਗਮ ਦਾ ਵਿਸ਼ਾ ਕਿਸੇ ਨਾ ਕਿਸੇ ਦਾਨਿਸ਼ਵਰ ਨਾਲ ਸੰਬੰਧਿਤ ਵਿਸ਼ਾ ਹੋਵੇਗਾ | ਮਿਸਾਲ ਵਜੋਂ ਭਾਸ਼ਾ ਵਿਭਾਗ ਵਲੋਂ ਗੁਰੂਆਂ ਦੇ ਪ੍ਰਕਾਸ਼ ਦਿਹਾੜਿਆਂ ਮੌਕੇ ਉਨ੍ਹਾਂ ਦੀ ਬਾਣੀ ਦੇ ਵੱਖ-ਵੱਖ ਸਰੋਕਾਰਾਂ ਬਾਰੇ ਗੋਸ਼ਟੀਆਂ, ਲਿਖਾਰੀਆਂ ਤੇ ਢਾਡੀਆਂ ਤੇ ਕਵੀਸ਼ਰਾਂ ਦੇ ਜਨਮ ਦਿਨ ਸਾਹਿਤਕ ਸਮਾਗਮਾਂ ਦੇ ਰੂਪ 'ਚ ਮਨਾਏ ਜਾਣਗੇ | ਇਸ ਤੋਂ ਇਲਾਵਾ ਵਿਭਾਗ ਵਲੋਂ ਮਾਂ ਬੋਲੀ, ਹਿੰਦੀ ਤੇ ਸੰਸਕਿ੍ਤ ਦਿਵਸ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਵੀ ਕਰਵਾਏ ਜਾਣਗੇ | ਸਕੂਲੀ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਲੜੀ ਵਿਚ ਇਸੇ ਮਹੀਨੇ ਦੌਰਾਨ (26 ਅਪ੍ਰੈਲ) ਨੂੰ ਉੱਘੇ ਵਾਰਤਕਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਯਾਦ ਵਿਚ ਪਟਿਆਲਾ ਤੋਂ ਪ੍ਰੀਤ ਨਗਰ (ਅੰਮਿ੍ਤਸਰ) ਤੱਕ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵਲੋਂ ਭਾਸ਼ਾ ਵਿਭਾਗ ਦੀ ਅਗਵਾਈ 'ਚ ਵਿਸ਼ੇਸ਼ ਪ੍ਰੀਤ ਯਾਤਰਾ ਕੱਢੀ ਜਾਵੇਗੀ ਅਤੇ ਪ੍ਰੀਤ ਨਗਰ ਵਿਖੇ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ |