ਸਮਾਣਾ, 22 ਅਪ੍ਰੈਲ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਸਮਾਣਾ ਵਿਖੇ ਲਗਾਏ ਗਏ ਮੋਰਚੇ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਹੇਠਾਂ ਲਿਆਉਣ ਲਈ ਸਾਰਥਿਕ ਉਪਰਾਲੇ ਕਰਦੇ ਹੋਏ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ | ਉਨ੍ਹਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਨੂੰ ਹੁਣ ਹੇਠਾਂ ਉਤਾਰਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਯਤਨ ਕਰ ਰਿਹਾ ਹੈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਉਚਾਈ ਤੋਂ ਕਿਸੇ ਵਿਅਕਤੀ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਉਣਾ ਇਕ ਬਹੁਤ ਹੀ ਤਕਨੀਕੀ ਕਾਰਵਾਈ ਹੈ, ਜਿਸ ਲਈ ਸਿਰਫ਼ ਸਧਾਰਣ ਬਚਾਓ ਪ੍ਰਬੰਧ ਕਾਫ਼ੀ ਨਹੀਂ ਹੁੰਦੇ | ਏਡੀਸੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ, ਫਾਇਰ ਬਿ੍ਗੇਡ ਅਤੇ ਹੋਰ ਮੁਹਾਰਤ ਰੱਖਣ ਵਾਲੀਆਂ ਏਜੰਸੀਆਂ ਨਾਲ ਗੱਲਬਾਤ ਕੀਤੀ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਰਤੀ ਫ਼ੌਜ ਨੂੰ ਵੀ ਤਕਨੀਕੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ, ਕਿਉਂਕਿ ਫ਼ੌਜ ਕੋਲ ਇਸ ਤਰ੍ਹਾਂ ਦੀਆਂ ਉੱਚ-ਖਤਰੇ ਵਾਲੀਆਂ ਸਥਿਤੀਆਂ ਨੂੰ ਹੱਲ ਕਰਨ ਦਾ ਖ਼ਾਸ ਤਜਰਬਾ ਅਤੇ ਉਪਕਰਨ ਉਪਲਬਧ ਹੁੰਦੇ ਹਨ | ਦਮਨਜੀਤ ਸਿੰਘ ਮਾਨ ਨੇ ਮੀਡੀਆ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਕ ਜਾਣਕਾਰੀ 'ਤੇ ਹੀ ਵਿਸ਼ਵਾਸ ਕਰਨ |