ਪਟਿਆਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੁਰਬਖ਼ਸ਼ ਕਾਲੋਨੀ ਪਟਿਆਲਾ ਵਿਖੇ ਲਖਵਿੰਦਰ ਸਿੰਘ ਚੀਮਾ ਵਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਜਥੇਦਾਰ ਵਿੰਦਾ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚਾਲੇ ਹੋਏ ਗਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਪੰਥਕ ਇਕੱਤਰਤਾ ਨਾਲ ਸਮੁੱਚੀ ਸਿੱਖ ਸੰਗਤਾਂ ਤੋਂ ਇਲਾਵਾ ਹਰ ਵਰਗ ਵਿਚ ਖੁਸ਼ੀ ਪਾਈ ਜਾ ਰਹੀ ਹੈ | ਜਥੇਦਾਰ ਵਿੰਦਾ ਨੇ ਕਿਹਾ ਕਿ ਇਹ ਸਾਂਝ ਆਉਣ ਵਾਲੇ ਸਮੇਂ 'ਚ ਪੰਥ ਤੇ ਪੰਜਾਬ ਲਈ ਨਵੀਆਂ ਉਮੀਦਾਂ 'ਤੇ ਤਰੱਕੀ ਦੀ ਰਾਹ ਖੋਲ੍ਹੇਗੀ | ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਦੀ ਭਲਾਈ ਲੋਚਣ ਵਾਲੇ ਆਗੂਆਂ ਤੇ ਵਰਕਰਾਂ 'ਚ ਨਵੀ ਉਮੀਦ ਜਾਗੀ ਹੈ ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪੰਜਾਬ ਨਸ਼ਿਆਂ, ਬੇਰੁਜ਼ਗਾਰੀ, ਗੈਂਗਸਟਰਵਾਦ ਅਤੇ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਦਾ ਸੰਤਾਪ ਭੋਗ ਰਿਹਾ ਹੈ | ਇਨ੍ਹਾਂ ਮਾੜੇ ਹਾਲਾਤਾਂ ਤੋਂ ਸਮਾਜ ਦਾ ਹਰ ਵਰਗ ਭਾਵੇਂ ਉਹ ਕੋਈ ਵਪਾਰੀ, ਕਿਸਾਨ, ਨੌਕਰੀਪੇਸ਼ਾ ਜਾਂ ਫਿਰ ਨੌਜਵਾਨ ਹੋਣ, ਦੁਖੀ ਹਨ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦੀ ਨਾਲ ਚੁੱਕਣ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ | ਇਨ੍ਹਾਂ ਦੋਨਾਂ ਪਾਰਟੀਆਂ ਦੀ ਸਾਲ 2027 ਵਿਧਾਨ ਸਭਾ ਚੋਣਾਂ ਵਿਚ ਬਣਨ ਵਾਲੀ ਪੰਥਕ ਸਰਕਾਰ ਵਿਚ ਹਰ ਕਿਸੇ ਨੂੰ ਬਰਾਬਰੀ ਦਾ ਦਰਜਾ ਮਿਲੇਗਾ ਅਤੇ ਪੰਜਾਬ ਮੁੜ ਤੋਂ ਵਿਕਾਸ ਦੀ ਪਟੜੀ 'ਤੇ ਚੜ੍ਹੇਗਾ | ਜਥੇਦਾਰ ਵਿੰਦਾ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਲੋਕਾਂ ਲਈ ਅਤੇ ਲੰਮੇ ਸਮੇਂ ਤੋਂ ਪੰਜਾਬ ਦੇ ਲਟਕਦੇ ਮਸਲਿਆਂ ਨੂੰ ਹੱਲ ਵੱਲ ਲੈ ਕੇ ਜਾਣ ਵਿਚ ਮੋਹਰੀ ਰੋਲ ਨਿਭਾਏਗਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਗੱਠਜੋੜ ਤੋਂ ਬਾਅਦ ਪੰਜਾਬ ਦੀ ਸੱਤਾ 'ਤੇ ਰਾਜ ਕਰਨ ਦੇ ਸੁਪਨੇ ਲੈਣ ਵਾਲੀਆਂ ਹੋਰਨਾ ਸਿਆਸੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ ਕਿਉਂਕਿ ਉਹ ਹੁਣ ਤੱਕ ਲੋਕਾਂ ਨੂੰ ਗੁਮਰਾਹ ਕਰਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਆ ਰਹੇ ਹਨ ਜੋ ਹੁਣ ਸੰਭਵ ਨਹੀਂ ਹੋ ਸਕੇਗਾ | ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ, ਲਖਵਿੰਦਰ ਸਿੰਘ ਲੱਖੀ ਚੀਮਾ, ਹਰਚਰਨ ਸਿੰਘ, ਬਲਵਿੰਦਰ ਸਿੰਘ, ਹਰਗੋਪਾਲ ਸਿੰਘ, ਮੋਤਾ ਸਿੰਘ, ਤਲਵਿੰਦਰ ਸ਼ੈਲੀ, ਡਾ. ਅਨਿਲ ਕਪੂਰ, ਜਗਜੀਵਨ ਕੁਮਾਰ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ, ਚੰਦਰ ਭਾਨ ਬਲਵੀਰ ਸਿੰਘ ਆਦਿ ਤੋਂ ਇਲਾਵਾ ਹੋਰ ਮੌਜੂਦ ਸਨ |