ਰਾਜਪੁਰਾ, 23 ਅਪ੍ਰੈਲ (ਰਣਜੀਤ ਸਿੰਘ)-ਹਲਕੇ ਵਿਚ ਇਕ ਦਮ ਗਰਮੀ ਵਧਣ ਕਾਰਨ ਕਿਸਾਨਾਂ ਨੇ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕਰਕੇ ਫ਼ਸਲ ਮੰਡੀ ਦੇ ਫੜਾਂ 'ਤੇ ਲਿਆ ਕੇ ਢੇਰੀ ਕਰ ਦਿੱਤੀ ਹੈ | ਇਸ ਲਈ ਮੰਡੀ ਵਿਚ ਹਰ ਪਾਸੇ ਕਣਕ ਦੇ ਅੰਬਾਰ ਵਿਖਾਈ ਦੇ ਰਹੇ ਹਨ | ਮੰਡੀ ਵਿਚ ਹੁਣ ਤੱਕ 1021290 ਕਵਿੰਟਲ ਕਣਕ ਦੀ ਆਮਦ ਹੋ ਚੁੱਕੀ ਹੈ ਜਦ ਕਿ ਹਾਲੇ ਤੱਕ 350600 ਕਵਿੰਟਲ ਦੀ ਲਿਫ਼ਟਿੰਗ ਹੀ ਹੋਈ ਹੈ ਅਤੇ ਬਾਕੀ ਦੀ ਕਣਕ ਖੁੱਲ੍ਹੇ ਆਸਮਾਨ ਹੇਠ ਇੰਦਰ ਦੇਵਤਾ ਦੇ ਰਹਿਮੋ ਕਰਮ 'ਤੇ ਪਈ ਹੈ | ਜਾਣਕਾਰੀ ਮੁਤਾਬਿਕ ਪੰਜਾਬੀ ਦੀ ਕਹਾਵਤ ਆਈ ਮੇਖ ਜੱਟਾਂ ਕੱਚੀ ਪੱਕੀ ਨਾ ਵੇਖ 'ਤੇ ਪਹਿਰਾ ਦਿੰਦੇ ਹੋਏ ਕਿਸਾਨਾਂ ਨੇ ਖੇਤ ਖਾਲੀ ਕਰ ਦਿਤੇ ਹਨ ਅਤੇ ਮੰਡੀ ਵਿਚ ਕਿਸਾਨਾਂ ਦੀ ਸੋਨੇ ਰੰਗੀ ਕਣਕ ਦਾ ਪੂਰੀ ਤਰ੍ਹਾਂ ਨਾਲ ਦਬਦਬਾ ਵਿਖਾਈ ਦੇ ਰਿਹਾ ਹੈ | ਮੰਡੀ ਦੇ ਫੜਾਂ 'ਤੇ ਸੜਕਾਂ ਉਪਰ ਕਿਸਾਨਾਂ ਦੀ ਸਾਲ ਭਰ ਦੀ ਕਮਾਈ ਨੇ ਵਿਖਾਈ ਦੇ ਰਹੀ ਹੈ | ਹਲਕੇ ਵਿਚ ਭਾਵੇਂ ਅਪ੍ਰੈਲ ਦੇ ਸ਼ੁਰੂਆਤੀ ਦੌਰ ਵਿਚ ਤਾਂ ਬਾਰਸ਼ ਅਤੇ ਗੜੇ ਮਾਰੀ ਕਾਰਨ ਕਣਕ ਦੀ ਕਟਾਈ ਗਹਾਈ ਦੀ ਚਾਲ ਮੱਠੀ ਰਹੀ ਪਰ ਹੁਣ ਮੌਸਮ ਇਕ ਦਮ ਸਾਫ ਹੋਣ ਕਾਰਨ ਅਤੇ ਗਰਮੀ ਆਪਣੇ ਪੂਰੇ ਜ਼ੋਬਨ 'ਤੇ ਪੈਣ ਕਾਰਨ ਕਿਸਾਨਾਂ ਨੇ ਖੇਤ ਖਾਲੀ ਕਰ ਦਿੱਤੇ ਹਨ ਅਤੇ ਆਪਣੀ ਹਾੜੀ ਦੀ ਮੁੱਖ ਫਸਲ ਕਣਕ ਮੰਡੀ ਦੇ ਫੜਾਂ 'ਤੇ ਲਿਆ ਕੇ ਢੇਰੀ ਕਰ ਦਿੱਤੀ ਹੈ | ਇਸ ਕਾਰਨ ਮੰਡੀ ਦੇ ਫੜਾਂ 'ਤੇ ਹਰ ਪਾਸੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਵਿਖਾਈ ਦੇ ਰਹੇ ਹਨ | ਅਚਾਨਕ ਪਈ ਗਰਮੀ ਕਾਰਨ ਕਿਸਾਨਾਂ ਨੇ ਖੇਤਾਂ ਵਿਚ ਖੜੀ ਕਣਕ ਸਮੇਟ ਲਈ ਹੈੈ | ਹੁਣ ਹਲਕੇ ਵਿਚ ਬਹੁਤ ਥੋੜ੍ਹੀ ਫਸਲ ਰਹਿ ਗਈ ਹੈ | ਮੰਡੀ ਵਿਚ ਕਸ਼ਮੀਰ ਸਿੰਘ, ਬਲਦੇਵ ਸਿੰਘ, ਗੁਰਨੈੈਬ ਸਿੰਘ, ਸੁੱਚਾ ਸਿੰਘ, ਕੇਹਰ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਐਤਕੀ ਮੌਸਮ ਦੀ ਮਾਰ ਕਾਰਨ ਕਿਸਾਨਾਂ ਨੇ ਆਪਣੀ ਜਿਆਦਾ ਰੁੱਚੀ ਕੰਬਾਈਨਾਂ ਤੋਂ ਕਣਕ ਦੀ ਕਟਾਈ ਕਰਨ ਵੱਲ ਵਿਖਾਈ ਹੈ | ਇਸ ਲਈ ਕਰੀਬ ਕਰੀਬ ਸਾਰੀ ਦੀ ਸਾਰੀ ਫਸਲ ਮੰਡੀ ਵਿਚ ਆ ਗਈ ਹੈ | ਮੰਡੀ ਵਿਚ 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜਿੰਮੇਵਾਰੀ ਪੂਰੀ ਕਰ ਦਿੱਤੀ ਹੈ ਅਤੇ ਹੁਣ ਸਰਕਾਰ ਅਤੇ ਖਰੀਦ ਏਜੰਸੀਆਂ ਦੀ ਜਿੰਮੇਵਾਰੀ ਹੈ ਕਿ ਉਹ ਜਲਦ ਤੋਂ ਜਲਦ ਕਣਕ ਦੀ ਖਰੀਦ ਕਰਕੇ ਲਿਫਟਿੰਗ ਕਰਨ ਅਤੇ ਮੰਡੀ ਦੇ ਫੜਾਂ ਤੋਂ ਕਣਕ ਚੁੱਕ ਕੇ ਸਟੋਰਾਂ ਵਿਚ ਪਹੁੰਚਾਈ ਜਾਵੇ | ਮੰਡੀ ਸੁਪਰਵਾਈਜਰ ਜੁਝਾਰ ਸਿੰਘ ਨੇ ਦੱਸਿਆ ਕਿ ਅੱਜ ਤੱਕ ਕਰੀਬ 1021290 ਕਵਿੰਟਲ ਕਣਕ ਦੀ ਆਮਦ ਹੋਈ ਹੈ ਅਤੇ ਇਸ ਵਿਚੋਂ 350600 ਦੀ ਲਿਫਟਿੰਗ ਹੋ ਗਈ ਹੈ | ਮੰਡੀ ਵਿਚ 637620 ਕਵਿੰਟਲ ਕਣਕ ਅਣਲਿਫਟ ਪਈ ਹੈ ਅਤੇ ਹੁਣ ਤੱਕ 988220 ਕਵਿੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ 3370 ਕਵਿੰਟਲ ਕਣਕ ਅਣ ਖਰੀਦੀ ਪਈ ਹੈੈ |