ਪਟਿਆਲਾ, 23 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੀ ਪ੍ਰੀਖਿਆ ਸ਼ਾਖਾ ਵਲੋਂ ਕਾਲਜ ਦੇ ਕਾਰਜਾਂ ਨੂੰ ਹੋਰ ਆਧੁਨਿਕ ਬਣਾਉਣ ਦੇ ਮਕਸਦ ਨਾਲ ਡਿਜੀਟਲ ਮੀਮੋ ਤਿਆਰ ਕਰਨ ਅਤੇ ਹੋਰ ਦਫ਼ਤਰੀ ਪ੍ਰਕਿਰਿਆਵਾਂ ਨੂੰ ਡਿਜੀਟਲ ਰੂਪ ਦੇਣ ਲਈ ਦੋ ਦਿਨਾਂ ਵਰਕਸ਼ਾਪ ਕਰਵਾਈ ਗਈ | ਇਹ ਵਰਕਸ਼ਾਪ ਕਾਲਜ ਦੇ ਭਾਈ ਦਇਆ ਸਿੰਘ ਬਲਾਕ ਦੇ ਕੰਪਿਊਟਰ ਲੈਬ ਵਿਚ ਕਰਵਾਈ ਗਈ | ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪ੍ਰੋ. ਲਾਲ ਸਿੰਘ ਨੇ ਰਿਸੋਰਸਪਰਸਨ ਵਜੋਂ ਹਾਜ਼ਰੀ ਭਰਦਿਆਂ ਸਟਾਫ਼ ਨੂੰ ਡਿਜੀਟਲ ਤਕਨੀਕਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਮੀਮੋ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਪ੍ਰਯੋਗਾਤਮਿਕ ਸਿਖਲਾਈ ਦਿੱਤੀ | ਵਰਕਸ਼ਾਪ ਦੇ ਉਦਘਾਟਨ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜੋਕੇ ਸਮੇਂ ਵਿਚ ਦਫ਼ਤਰੀ ਕੰਮਕਾਜ ਨੂੰ ਤਕਨੀਕ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਾਰਜ ਵਿਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਂਦੀ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ ਕਾਲਜ ਆਪਣੇ ਸਮੂਹਿਕ ਸਿਸਟਮ ਨੂੰ ਪੇਪਰਲੈਸ ਬਣਾਉਣ ਵੱਲ ਅੱਗੇ ਵੱਧ ਰਿਹਾ ਹੈ | ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਨ੍ਹਾਂ ਕਿਹਾ ਕਿ ਡਿਜੀਟਲ ਮੀਮੋ ਰਾਹੀਂ ਪ੍ਰੀਖਿਆ ਸ਼ਾਖਾ ਦੇ ਰਿਕਾਰਡ ਨੂੰ ਸੰਭਾਲਣਾ ਅਤੇ ਤਿਆਰ ਕਰਨਾ ਹੋਰ ਆਸਾਨ ਹੋਵੇਗਾ ਅਤੇ ਇਸ ਨਾਲ ਕਰਮਚਾਰੀਆਂ ਦੀ ਕਾਰਗੁਜ਼ਾਰੀ ਵਿਚ ਵੀ ਵਾਧਾ ਹੋਵੇਗਾ | ਇਸ ਵਰਕਸ਼ਾਪ ਵਿਚ ਪ੍ਰੀਖਿਆ ਸ਼ਾਖਾ ਦੇ ਸਮੂਹਿਕ ਸਟਾਫ਼ ਨੇ ਭਾਗ ਲਿਆ, ਜਿਨ੍ਹਾਂ ਵਿਚ ਸ੍ਰੀ ਕਿ੍ਸ਼ਨ ਕੁਮਾਰ, ਸੁਖਜਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ, ਹਰਸਿਮਰਨ ਸਿੰਘ, ਬਰਿੰਦਰਪਾਲ ਸਿੰਘ, ਪਾਲ ਸਿੰਘ, ਜਸਵੰਤ ਸਿੰਘ, ਵਰਿੰਦਰ ਸਿੰਘ, ਹਰਵਿੰਦਰ ਸਿੰਘ ਰਾਏ, ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਸ੍ਰੀਮਤੀ ਖੁਸ਼ਵੰਤ ਕੌਰ, ਲਖਵਿੰਦਰ ਸਿੰਘ, ਵਿਸ਼ਾਲ ਗਿੱਲ, ਜਗਰੂਪ ਸਿੰਘ, ਸਰਬਜੀਤ ਸਿੰਘ ਅਤੇ ਸਿਮਰਨਜੋਤ ਸਿੰਘ ਸ਼ਾਮਿਲ ਸਨ |