ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਦੇ ਵਾਈਸ ਪਿ੍ੰਸੀਪਲ ਨੀਰੂ ਧੀਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਪੰਜ ਦਿਨਾਂ ਪ੍ਰੋਗਰਾਮ ਦੇ ਸਮਾਰੋਹ ਵਿਚ ਸਰੋਤ ਵਿਅਕਤੀ ਵਜੋਂ ਸ਼ਿਰਕਤ ਕੀਤੀ | ਇਸ ਮੌਕੇ 'ਪੇਸ਼ੇਵਰ ਨੈਤਿਕਤਾ, ਪ੍ਰਤੀਬਿੰਬ ਅਤੇ ਨਿਰੰਤਰ ਵਿਕਾਸ' ਵਿਸ਼ੇ 'ਤੇ ਬੋਲਦਿਆਂ ਨੀਰੂ ਧੀਰ ਨੇ ਕਿਹਾ ਕਿ ਅਜੋਕੇ ਦੌਰ ਵਿਚ ਅਧਿਆਪਕ ਦੀ ਭੂਮਿਕਾ ਸਿਰਫ਼ ਪਾਠ ਪੜ੍ਹਾਉਣ ਤੱਕ ਸੀਮਿਤ ਨਹੀਂ ਰਹੀ | ਉਨ੍ਹਾਂ 21ਵੀਂ ਸਦੀ ਦੇ ਅਧਿਆਪਕਾਂ ਲਈ ਸਵੈ-ਪ੍ਰਤੀਬਿੰਬ, ਨੈਤਿਕ ਫ਼ੈਸਲੇ ਲੈਣ ਦੀ ਸਮਰੱਥਾ ਅਤੇ ਲਗਾਤਾਰ ਪੇਸ਼ੇਵਰ ਹੁਨਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਵਿਚ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ, ਡਾ. ਗਗਨਦੀਪ ਟਿਵਾਣਾ, ਸਹਾਇਕ ਪ੍ਰੋਫ਼ੈਸਰ ਤੇ ਕੋਆਰਡੀਨੇਟਰ ਸੈਂਟਰ ਆਫ਼ ਇੰਟਰਨਸ਼ਿਪ ਐਂਡ ਸੋਸ਼ਲ ਆਊਟਰੀਚ ਸ਼ਾਮਿਲ ਸਨ | ਸਮਾਗਮ ਦੇ ਅੰਤ ਵਿਚ ਡਾ. ਹਰਨੀਤ ਬਿਲਿੰਗ ਨੇ ਨੀਰੂ ਧੀਰ ਦਾ ਕੀਮਤੀ ਵਿਚਾਰ ਸਾਂਝੇ ਕਰਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਸਕੂਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਨੀਰੂ ਧੀਰ ਵਰਗੇ ਤਜਰਬੇਕਾਰ ਤੇ ਦੂਰਦਰਸ਼ੀ ਅਧਿਆਪਕ ਸਾਡੇ ਸਕੂਲ ਦੀ ਤਾਕਤ ਹਨ | ਸੈਕਟਰੀ-ਕਮ-ਖ਼ਜ਼ਾਨਚੀ ਪਿ੍ਆ ਅਰੋੜਾ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਲਈ ਨਿਯਮਿਤ ਤੌਰ 'ਤੇ ਵਰਕਸ਼ਾਪਾਂ ਅਤੇ ਸਿਖਲਾਈ ਪ੍ਰੋਗਰਾਮ ਕਰਵਾਉਂਦੀ ਹੈ | ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਧਿਆਪਕ ਨਾ ਸਿਰਫ਼ ਸਕੂਲ ਸਗੋਂ ਸੂਬੇ ਅਤੇ ਦੇਸ਼ ਪੱਧਰ 'ਤੇ ਵੀ ਅਗਵਾਈ ਕਰਨ | ਪਿ੍ੰਸੀਪਲ ਡਾ. ਬਬੀਤਾ ਚੋਪੜਾ ਨੇ ਕਿਹਾ ਕਿ ਨੀਰੂ ਧੀਰ ਦੇ ਵਿਚਾਰ ਨਵੇਂ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਬਣਨਗੇ |