ਪਟਿਆਲਾ, 22 ਅਗਸਤ (ਅ. ਸ. ਅਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ ਸਰਕਾਰੀ ਜ਼ਮੀਨਾਂ ਤੇ ਖਾਲੀ ਪਈਆਂ ਥਾਵਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਰੱਖਣ ਲਈ ਨਿਗਮ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਲੋਂ ਸਾਂਝੇ ਤੌਰ ‘ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰ ਅੰਦਰ ਨਿਗਮ ਦੀ ਕਿਸੇ ਵੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਿਨਾਂ ਕਿਸੇ ਪੱਖਪਾਤ ਦੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਜਾਇਦਾਦਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਨਗਰ ਨਿਗਮ ਦੀ ਲੈਂਡ ਬ੍ਰਾਂਚ ਵਲੋਂ ਸ਼ਹਿਰ ਭਰ ਵਿਚ ਮੁਹਿੰਮ ਚਲਾ ਕੇ ਖਾਲੀ ਪਈਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ‘ਤੇ ਨਗਰ ਨਿਗਮ ਦੀ ਮਲਕੀਅਤ ਦਰਸਾਉਂਦੇ ਵਿਸ਼ੇਸ਼ ਚੇਤਾਵਨੀ ਬੋਰਡ ਲਗਾਏ ਜਾ ਰਹੇ ਹਨ।