ਪਟਿਆਲਾ, 28 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਕੰਪਿਊਟਰ ਟੀਚਰ ਯੂਨੀਅਨ ਦੇ ਵਫ਼ਦ ਨੇ ਮਨਿੰਦਰਜੀਤ ਸਿੰਘ ਵਿੱਕੀ ਘਨੌਰ (ਉਪ-ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ) ਨਾਲ ਮੋਹਾਲੀ ਵਿਖੇ ਉਨ੍ਹਾਂ ਦੇ ਦਫ਼ਤਰ 'ਚ ਮੁਲਾਕਾਤ ਕੀਤੀ | ਵਫ਼ਦ ਵਲੋਂ 6640 ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਤਰਤੀਬਵਾਰ ਅਤੇ ਤੱਥਾਂ ਦੇ ਆਧਾਰ 'ਤੇ ਰੱਖਦੇ ਹੋਏ ਜ਼ਮੀਨੀ ਹਕੀਕਤ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਇਸ ਦੌਰਾਨ ਇਹ ਗੱਲ ਵੀ ਉਭਾਰੀ ਗਈ ਕਿ ਕੰਪਿਊਟਰ ਅਧਿਆਪਕ ਲਗਭਗ 20 ਸਾਲਾਂ ਤੋਂ ਨਿਰੰਤਰ ਸੇਵਾ ਨਿਭਾ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਬਣਦੇ ਹੱਕ ਅਤੇ ਪੂਰੀਆਂ ਸੁਵਿਧਾਵਾਂ ਪ੍ਰਾਪਤ ਨਹੀਂ ਹੋਈਆਂ | ਵਿੱਕੀ ਘਨੌਰ ਨੇ ਸਾਰੇ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਸੁਣਦੇ ਹੋਏ ਹਰ ਪੱਖ ਨੂੰ ਸਮਝਣ ਲਈ ਯਥੋਚਿਤ ਸਮਾਂ ਦਿੱਤਾ | ਉਨ੍ਹਾਂ ਨੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਹਿਮਤੀ ਅਤੇ ਹਮਦਰਦੀ ਜਤਾਉਂਦੇ ਹੋਏ ਭਰੋਸਾ ਦਿਵਾਇਆ ਕਿ ਇਹ ਮਾਮਲਾ ਜਲਦ ਹੀ ਸਰਕਾਰ ਦੇ ਉੱਚ ਪੱਧਰ 'ਤੇ ਉਠਾਇਆ ਜਾਵੇਗਾ ਅਤੇ ਵਿੱਤ ਮੰਤਰੀ ਨਾਲ ਵੀ ਇਸ ਸੰਬੰਧੀ ਤੁਰੰਤ ਗੱਲਬਾਤ ਕੀਤੀ ਜਾਵੇਗੀ | ਅੰਤ ਵਿਚ ਵਫ਼ਦ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਜਲਦ ਹੱਲ ਕੀਤਾ ਜਾਵੇਗਾ | ਇਸ ਵਫ਼ਦ 'ਚ ਸ਼ਾਮਲ ਸਾਥੀ ਬਲਜੀਤ ਸਿੰਘ ਪਟਿਆਲਾ, ਵਿਸ਼ਾਲ ਬਿੰਨੀ, ਰਮਨ ਕੁਮਾਰ, ਰਘੁਬੀਰ ਸਿੰਘ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਸੰਗਰੂਰ ਅਤੇ ਕਰਮਜੀਤ ਸਿੰਘ ਸੰਗਰੂਰ ਸਨ |