ਸਮਾਣਾ ਹਾਦਸੇ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ <br/>
ਅਜੀਤ ਡੈਸਕ
02-05-2026
ਪਟਿਆਲਾ, 1 ਮਈ-ਲੰਘੇ ਸਾਲ ਸਮਾਣਾ ਵਿਖੇ ਟਿੱਪਰ ਨਾਲ ਬੱਚਿਆਂ ਨੂੰ ਸਕੂਲ ਛੱਡਣ-ਲਿਜਾਣ ਵਾਲੇ ਨਿੱਜੀ ਵਾਹਨ ਦੀ ਹੋਈ ਟੱਕਰ 'ਚ ਛੇ ਮਲੂਕ ਜਿੰਦਾਂ ਅਤੇ ਇਕ ਡਰਾਈਵਰ ਆਪਣੀ ਜਾਨ ਗਵਾ ਗਿਆ ਸੀ | ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਨੇ ਫ਼ੌਰੀ ਹਰਕਤ ਕਰਦਿਆਂ ਸਕੂਲੀ ਬੱਚਿਆਂ ਨੂੰ ਲਿਜਾਉਣ ਵਾਲੇ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਟਿੱਪਰਾਂ ਨੂੰ ਸੜਕ 'ਤੇ ਸ਼ਾਮ ਸਮੇਂ ਕੰਮ ਕਰਨ ਦੀ ਹਦਾਇਤ ਕਰ ਦਿੱਤੀ ਗਈ ਸੀ | ਪਰੰਤੂ ਹਾਦਸੇ ਤੋਂ ਲਗਭਗ ਇਕ ਸਾਲ ਬਾਅਦ ਹਾਲਾਤ ਹਾਦਸੇ ਤੋਂ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਹਨ | ਰੋਜ਼ਾਨਾ ਵਾਂਗੂੰ ਪਟਿਆਲਾ ਸ਼ਹਿਰ ਦੇ ਨਾਮੀ ਸਕੂਲਾਂ 'ਚ ਸਮਾਣਾ, ਰਾਜਪੁਰਾ, ਨਾਭਾ ਤੋਂ ਇਲਾਵਾ ਵੱਖ-ਵੱਖ ਨੇੜਲੇ ਪਿੰਡਾਂ ਅਤੇ ਸ਼ਹਿਰਾਂ ਤੋਂ ਬੱਚੇ ਪੜ੍ਹਨ ਆਉਂਦੇ ਹਨ | ਜਿਨ੍ਹਾਂ ਨੂੰ ਲੈ ਕੇ ਅਤੇ ਛੱਡ ਕੇ ਆਉਣ ਵਾਲੇ ਨਿੱਜੀ ਵਾਹਨਾਂ 'ਚ ਬੱਚੇ ਟਰਾਲੀ 'ਚ ਲੱਦੀ ਤੂੜੀ ਦੀਆਂ ਪੰਡਾਂ ਵਾਂਗ ਤੁੰਨੇ ਨਜ਼ਰ ਆਉਂਦੇ ਹਨ | ਬੇਸ਼ੱਕ ਇਸ ਦੇ ਜ਼ਿੰਮੇਵਾਰ ਜਿੱਥੇ ਵੱਧ ਪੈਸੇ ਕਮਾਉਣ ਦੇ ਲਾਲਚ 'ਚ ਨਿੱਜੀ ਗੱਡੀਆਂ ਦੇ ਮਾਲਕ ਹਨ ਉੱਥੇ ਹੀ ਮਾਪੇ ਵੀ ਆਪਣੇ ਬੱਚਿਆਂ ਨੂੰ ਘੱਟ ਪੈਸਿਆਂ 'ਤੇ ਸਕੂਲ ਭੇਜਣ ਦੇ ਲਾਲਚ 'ਚ ਇਹ ਸਭ ਅਣਦੇਖਾ ਕਰ ਦਿੰਦੇ ਹਨ | ਫਿਰ ਜਦੋਂ ਕੋਈ ਹਾਦਸਾ ਵਾਪਰਦਾ ਤਾਂ ''ਮਲੂਕ ਜਿੰਦਾਂ'' ਹਾਦਸੇ 'ਚ ਜਾਨ ਗਵਾ ਜਾਂਦੀਆਂ ਹਨ | ਸਕੂਲ ਨਿੱਜੀ ਵਾਹਨ ਕਹਿ ਕੇ ਪੱਲਾ ਝਾੜ ਦਿੰਦੇ ਹਨ | ਮਾਪੇ ਸਾਰੀ ਉਮਰ ਆਪਣੇ ਬੱਚਿਆਂ ਦੇ ਜਾਣ ਦੇ ਦੁੱਖ 'ਚ ਤੜਫਦੇ ਹਨ ਅਤੇ ਪ੍ਰਸ਼ਾਸਨ ਮਾੜੀ ਮੋਟੀ ਕਾਰਵਾਈ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦਾ ਹੈ | ਬਹੁਤੇ ਸਕੂਲਾਂ ਵਲੋਂ ਹੁਣ ਨਿੱਜੀ ਵਾਹਨ ਆਪਣੇ ਪੱਧਰ 'ਤੇ ਨਹੀਂ ਲਗਾਏ ਜਾਂਦੇ ਅਤੇ ਮਾਪਿਆਂ ਵਲੋਂ ਬੱਚੇ ਪੜ੍ਹਾਉਣ ਖ਼ਾਤਰ ਨਿੱਜੀ ਵਾਹਨ ਲਗਾ ਕੇ ਬੱਚਿਆਂ ਨੂੰ ਸਕੂਲ ਪੜ੍ਹਾਇਆ ਜਾਂਦਾ ਹੈ | ਨਿੱਜੀ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ ਕੁੱਝ ਵਾਹਨ ਇਹੋ ਜਿਹੇ ਚੱਲ ਰਹੇ ਹਨ ਜਿਨ੍ਹਾਂ ਦੀ ਮਿਆਦ ਲੰਘ ਚੁੱਕੀ ਹੈ ਅਤੇ ਜਿਨ੍ਹਾਂ ਦੇ ਡਰਾਈਵਰ ਵੱਡੀ ਉਮਰ ਦੇ ਹਨ ਅਤੇ ਉਨ੍ਹਾਂ ਦੀ ਨਿਗ੍ਹਾ ਵੀ ਕਮਜ਼ੋਰ ਹੈ | ਇੱਕਾ-ਦੁੱਕਾ ਵਾਹਨਾਂ 'ਤੇ ਬੱਚਿਆਂ ਨੂੰ ਲੈ ਜਾਣ ਵਾਲੇ ਨਿੱਜੀ ਡਰਾਈਵਰ ਵਲੋਂ ਨਸ਼ੇ ਦੇ ਸੇਵਨ ਦੀ ਗੱਲ ਵੀ ਸਾਹਮਣੇ ਆਈ ਹੈ | ਅਜਿਹੀ ਹਾਲਤ 'ਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਦਾਅ 'ਤੇ ਲਾਉਣਾ ਅਤੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਇਹ ਸਿਲਸਿਲਾ ਜਿਉਂ ਦਾ ਤਿਉਂ ਚੱਲਣਾ ਬਹੁਤ ਹੀ ਸ਼ਰਮਨਾਕ ਹੈ | ਪ੍ਰਸ਼ਾਸਨ, ਸਿੱਖਿਆ ਵਿਭਾਗ, ਆਰ.ਟੀ.ਓ. ਵਿਭਾਗ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਆਉਣ ਵਾਲੇ ਸਮੇਂ 'ਚ ਸੁਹਿਰਦ ਕਦਮ ਨਾ ਚੁੱਕੇ ਗਏ ਤਾਂ ਮਲੂਕ ਜਿੰਦਾਂ ਦੀ ਜ਼ਿੰਦਗੀ ਕਿਸੇ ਹਾਦਸੇ 'ਚ ਜਾਣ ਤੋਂ ਬਾਅਦ ਕਦਮ ਚੁੱਕਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ |