ਪਟਿਆਲਾ, 3 ਮਈ (ਅ.ਸ. ਆਹਲੂਵਾਲੀਆ)-'ਆਪ' ਪਾਰਟੀ ਦੇ ਆਗੂਆਂ ਵਲੋਂ ਪਿਛਲੀਆਂ ਚੋਣਾਂ ਦੌਰਾਨ ਪੰਜਾਬ 'ਚ ਬਦਲਾਅ ਆਵੇਗਾ ਦਾ ਧੂੰਆਂਧਾਰ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਭੋਲੇ ਲੋਕਾਂ ਨੇ ਝੂਠੇ ਪ੍ਰਚਾਰ ਉੱਤੇ ਭਰੋਸਾ ਕਰਕੇ ਬਹੁਤ ਸਾਰਿਆਂ ਨੇ ਤਾਂ ਆਪਣੀ ਜੱਦੀ ਪੁਸ਼ਤੀ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਝਾੜੂ ਪਾਰਟੀ 'ਚ ਸ਼ਾਮਲ ਹੋ ਕੇ ਅੰਧਾਧੁੰਦ ਵੋਟਾਂ ਪਾਈਆਂ ਪਰ ਸਰਕਾਰ ਬਣਨ ਬਾਅਦ ਵਿਲੱਖਣ ਕਿੱਸੇ ਨਿਕਲ ਰਹੇ ਹਨ ਜਿਸ ਨੇ ਪੰਜਾਬੀਆਂ ਦਾ ਝਾੜੂ ਤੋਂ ਮੋਹ ਭੰਗ ਕਰ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਹਰਪਾਲਪੁਰ ਨੇ ਕਿਹਾ ਕਿ ਸੂਬੇ ਦੀ ਵਿਧਾਨ ਸਭਾ ਇਕ ਪਵਿੱਤਰ ਸਥਾਨ ਹੁੰਦੀ ਹੈ ਜਿਸ ਦੀ ਪਵਿੱਤਰ ਮਰਿਆਦਾ ਹੁੰਦੀ ਹੈ ਇਸ ਪਵਿੱਤਰ ਸਦਨ 'ਚ ਸੂਬੇ ਦੀ ਕਿਸਮਤ ਦੇ ਫ਼ੈਸਲੇ ਹੁੰਦੇ ਹਨ ਅਜਿਹੇ ਪਵਿੱਤਰ ਸਦਨ ਦੀ ਪਵਿੱਤਰਤਾ ਭੰਗ ਕਰਨੀ ਵਰਗੇ ਬਦਲਾਅ ਦੀ ਲੋਕਾਂ ਨੇ ਆਸ ਨਹੀਂ ਰੱਖੀ ਸੀ |