ਨਾਭਾ, 4 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਦੁਲੱਦੀ ਗੇਟ ਸਥਿਤ ਮਲੇਰਕੋਟਲਾ ਚੁੰਗੀ ਨੇੜੇ 12 ਐਮ.ਐਲ.ਡੀ. ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸਰਹਿੰਦ ਚੋਅ ਤੱਕ ਟ੍ਰੀਟਿਡ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਉਦਘਾਟਨ ਕੀਤਾ ਗਿਆ | ਉਪਰੰਤ ਵਿਧਾਇਕ ਦੇਵ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਅਤੇ ਸੰਜੀਵ ਕੁਮਾਰ ਅਰੋੜਾ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਦਾ ਤਹਿ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪ੍ਰਾਜੈਕਟ 6 ਕਰੋੜ 76 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਜਿਸ ਦੀ ਲੰਬਾਈ 5600 ਮੀਟਰ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਦਾ 100 ਫ਼ੀਸਦੀ ਟਰੀਟਮੈਂਟ ਕਰ ਕੇ ਨਾ ਪੀਣ ਯੋਗ ਪਾਣੀ ਵਜੋਂ ਇਸ ਦੀ ਵਰਤੋਂ ਯਕੀਨੀ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਹ ਪ੍ਰਾਜੈਕਟ ਪਾਣੀ ਦੀ ਸੰਭਾਲ ਲਈ ਵਰਦਾਨ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਵਰਤੋਂ ਸਿੰਚਾਈ ਤੇ ਹੋਰ ਉਦੇਸ਼ ਲਈ ਕੀਤੀ ਜਾ ਸਕੇਗੀ | ਇਸ ਮੌਕੇ ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਯੂਥ ਡਿਵੈਲਪਮੈਂਟ ਬੋਰਡ, ਕਰਮਜੀਤ ਸਿੰਘ ਭੋਲੀ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਗੁਰਲਾਲ ਸਿੰਘ ਮੱਲੀ ਚੇਅਰਮੈਨ, ਰਮੇਸ਼ ਤਲਵਾੜ, ਉੱਦਮਦੀਪ ਸਿੰਘ ਦੀਪੂ, ਸਾਬਕਾ ਪ੍ਰਧਾਨ ਦਵਿੰਦਰ ਸਿੰਘ ਸਰਪੰਚ ਕੁਲਾਰਾਂ, ਪ੍ਰਧਾਨ ਅਮਨਦੀਪ ਸਿੰਘ ਕੋਟ, ਅਮਨ ਗਰਗ, ਕਮਲ ਕੁਮਾਰ ਰਾਜੂ, ਸਿਮਰਨ ਅੜਕ ਚੌਹਾਨ ਆਦਿ ਮੌਜੂਦ ਸਨ |