ਪਟਿਆਲਾ, 4 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਦਫ਼ਤਰ ਵਿਖੇ ਦਿਹਾਤੀ ਹਲਕੇ ਦੇ ਮਿਊਾਸੀਪਲ ਕੌਂਸਲਰਾਂ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਜਿਸ ਦੌਰਾਨ ਹਲਕੇ 'ਚ ਚੱਲ ਰਹੀਆਂ ਬੁਨਿਆਦੀ ਸੁਵਿਧਾਵਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ | ਉਨ੍ਹਾਂ ਪਟਿਆਲਾ ਦਿਹਾਤੀ ਵਿਚਲੇ ਕੁਝ ਵਾਰਡਾਂ ਅੰਦਰ ਬਣਾਈਆਂ ਗਈਆਂ ਸੜਕਾਂ ਦੀ ਮੰਦੀ ਹਾਲਤ ਨੂੰ ਦੇਖਦਿਆਂ ਇਸ ਦੀ ਇਨਕੁਆਰੀ ਵਿਭਾਗ ਦੀ ਚੌਕਸੀ ਸ਼ਾਖਾ ਵਲੋਂ ਕਰਵਾਉਣ ਦੀ ਸਿਫ਼ਾਰਿਸ਼ ਵੀ ਕੀਤੀ ਦੱਸੀ ਗਈ ਕੌਂਸਲਰਾਂ ਵਲੋਂ ਸੜਕਾਂ ਦੀ ਮੰਦੀ ਹਾਲਤ, ਸੀਵਰੇਜ ਪ੍ਰਣਾਲੀ ਵਿਚ ਆ ਰਹੀਆਂ ਦਿੱਕਤਾਂ ਅਤੇ ਸਟਰੀਟ ਲਾਈਟਾਂ ਦੀ ਕਮੀ ਸੰਬੰਧੀ ਮੁੱਦੇ ਚੁੱਕੇ ਗਏ | ਜਿਨ੍ਹਾਂ ਨੂੰ ਸਿਹਤ ਮੰਤਰੀ ਵਲੋਂ ਧਿਆਨ ਨਾਲ ਸੁਣਿਆ ਗਿਆ | ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਕੌਂਸਲਰਾਂ ਨਾਲ ਤਾਲਮੇਲ ਕਰਕੇ ਕੰਮ ਕਰਨ ਦੀ ਸਖ਼ਤ ਹਦਾਇਤ ਦਿੱਤੀ ਅਤੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਸਾਡੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਠੇਕੇਦਾਰ ਕੰਮ ਵਿਚ ਕੁਤਾਹੀ ਕਰਦੇ ਹਨ, ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇ | ਬਰਸਾਤਾਂ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਅਤੇ ਪੱਕਾ ਕਰਨ ਦੇ ਕੰਮ ਨੂੰ ਤੁਰੰਤ ਮੁਕੰਮਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਅਤੇ ਲੁੱਕ ਪਾਉਣ ਲਈ ਵੀ ਨਿਰਧਾਰਿਤ ਸਮਾਂ ਸੀਮਾ ਤੈਅ ਕੀਤੀ | ਮੀਟਿੰਗ ਦੌਰਾਨ ਐਲ.ਐਂਡ.ਟੀ. ਨਾਲ ਜੁੜੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਗਿਆ | ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਡੇਅਰੀ ਮਾਲਕਾਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਲਈ ਤੁਰੰਤ ਨੋਟਿਸ ਜਾਰੀ ਕੀਤੇ ਜਾਣ ਅਤੇ ਇਸ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਅਮਲ ਵਿਚ ਲਿਆਂਦਾ ਜਾਵੇ | ਜਿਨ੍ਹਾਂ ਕੰਮਾਂ ਲਈ ਐਨ.ਓ.ਸੀ. ਜਾਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਕਿਸੇ ਵੀ ਕਿਸਮ ਦੀ ਰੁਕਾਵਟ ਨੂੰ ਤੁਰੰਤ ਦੂਰ ਕੀਤਾ ਜਾਵੇ | ਇਸ ਮੌਕੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਕੋਹਲੀ, ਜਸਬੀਰ ਗਾਂਧੀ, ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ, ਜੁਆਇੰਟ ਕਮਿਸ਼ਨਰ ਮਨਰੀਤ ਰਾਣਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |