ਮੰਡੀ ਗੋਬਿੰਦਗੜ੍ਹ, 4 ਮਈ (ਇਕਬਾਲਦੀਪ ਸੰਧੂ)-ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਐਸ.ਡੀ.ਐਮ. ਅਮਲੋਹ ਨੂੰ ਇਕ ਮੰਗ ਪੱਤਰ ਦਿੱਤਾ | ਉਨ੍ਹਾਂ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 12 ਮਈ ਤੋਂ ਬਾਅਦ ਕੋਈ ਵੀ ਵਾਧੂ (ਸਪਲੀਮੈਂਟਰੀ) ਸੂਚੀ ਨਾ ਜੋੜੀ ਜਾਵੇ, ਕਿਉਂਕਿ ਇਸ ਨਾਲ ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਸਵਾਲ ਖੜ੍ਹੇ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਸਬੰਧੀ ਦਰਜ ਕੀਤੇ ਗਏ ਸਾਰੇ ਇਤਰਾਜ਼ਾਂ ਦਾ ਨਿਪਟਾਰਾ ਅੰਤਿਮ ਸੂਚੀ ਜਾਰੀ ਹੋਣ ਤੋਂ ਪਹਿਲਾਂ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇ | ਇਸ ਦੇ ਨਾਲ ਹੀ ਵੱਖ-ਵੱਖ ਵਾਰਡਾਂ ਵਿਚ ਦਰਜ ਬਾਹਰੀ ਅਤੇ ਗੈਰ-ਰਿਹਾਇਸ਼ੀ ਵੋਟਰਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਨਾਮ ਤੁਰੰਤ ਕੱਟੇ ਜਾਣ | ਪਦਮ ਨੇ ਡੁਪਲੀਕੇਟ ਵੋਟਾਂ ਦੇ ਮਾਮਲੇ ਨੂੰ ਵੀ ਉਠਾਉਂਦੇ ਹੋਏ ਕਿਹਾ ਕਿ ਇਕੋ ਵਿਅਕਤੀ ਦੇ ਨਾਮ ਕਈ ਵਾਰਡਾਂ ਵਿਚ ਦਰਜ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੀ ਤਕਨੀਕੀ ਅਤੇ ਜ਼ਮੀਨੀ ਪੱਧਰ 'ਤੇ ਜਾਂਚ ਕਰਕੇ ਸੁਧਾਰ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਵਾਧੂ ਸੁਰੱਖਿਆ ਅਤੇ ਵੀਡੀਓਗ੍ਰਾਫੀ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ | ਇਸ ਮੌਕੇ 'ਤੇ ਵਿਪਨ ਸੂਦ, ਦੇਵੀ ਦਿਆਲ ਪਰਾਸ਼ਰ, ਰਾਕੇਸ਼ ਗੁਪਤਾ, ਸਾਹਿਲ ਗਰਗ, ਜਗਦੀਪ ਸਿੰਘ ਚੀਮਾ, ਰਾਜਨ ਕੱਕੜ, ਮਯੰਕ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ, ਮਦਨ ਧੀਮਾਨ ਤੇ ਸੁਰੇਸ਼ ਕੁਮਾਰ ਸਮੇਤ ਹੋਰ ਸਾਥੀ ਵੀ ਮੌਜੂਦ ਸਨ |