ਵਾਰਡ ਨੰਬਰ 3 ਦਾ ਨਗਰ ਕੌਂਸਲ ਪ੍ਰਧਾਨ ਬਣਨ ਦੇ ਬਾਵਜੂਦ ਨਹੀਂ ਮਿਲੀ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ, ਪੀਣ ਵਾਲੇ ਪਾਣੀ ਦੀ ਕਿੱਲਤ ਤੇ ਬਿਜਲੀ ਦੀਆਂ ਲਮਕਦੀਆਂ ਤਾਰਾਂ ਹਨ ਵੱਡੀ ਮੁਸ਼ਕਿਲ
ਰਾਜੇਸ਼ ਕੁਮਾਰ ਸੋਨੀ ਜਲੂਰ
<br/>
ਜਸਵੀਰ ਕੌਰ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ
<br/>
ਗਲੀ ਵਿਚ ਲਮਕਦੀਆਂ ਬਿਜਲੀ, ਕੇਬਲ ਤੇ ਇੰਟਰਨੈੱਟ ਦੀਆਂ ਤਾਰਾਂ | ਤਸਵੀਰ-ਜਗਦੀਸ਼ ਸਿੰਘ ਕੰਬੋਜ
<br/>
05-05-2026
ਪਾਤੜਾਂ, 4 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦਾ ਵਾਰਡ ਨੰਬਰ ਤਿੰਨ ਦਾ ਇਲਾਕਾ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਗੁਰਦੁਆਰਾ ਨਾਨਕ ਪ੍ਰਕਾਸ਼, ਰਵਿਦਾਸ ਮੰਦਿਰ, ਹਨੂੰਮਾਨ ਮੰਦਿਰ ਹੈ ਜਿੱਥੇ ਇਸ ਵਾਰਡ ਵਿਚ ਸਥਿਤ ਹੈ ਉੱਥੇ ਹੀ ਇਸ ਵਾਰਡ ਵਿਚ ਪਾਤੜਾਂ ਇਲਾਕੇ ਦਾ ਸਭ ਤੋਂ ਵੱਡਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਅਤੇ ਇਕ ਸਮਾਜਸੇਵੀ ਟਰੱਸਟ ਵੱਲੋਂ ਚਲਾਇਆ ਜਾ ਪਬਲਿਕ ਗਰਲਜ਼ ਸਕੂਲ ਹੈ | ਇਸ ਵਾਰਡ ਦੀਆਂ ਗਲੀਆਂ ਨਾਲੀਆਂ ਭਾਵੇਂ ਸੀਮੈਂਟਿਡ ਹਨ ਪਰ ਇਸ ਵਾਰਡ ਵਿਚ ਸਭ ਤੋਂ ਵੱਡੀ ਮੁਸ਼ਕਲ ਬਰਸਾਤੀ ਪਾਣੀ ਦੀ ਨਿਕਾਸੀ ਦੀ ਹੈ ਜਿਹੜਾ ਕਿ ਇਸ ਵਾਰਡ ਦਾ ਨਗਰ ਕੌਂਸਲ ਪ੍ਰਧਾਨ ਬਣਨ ਦੇ ਬਾਵਜੂਦ ਹੱਲ ਨਹੀਂ ਹੋ ਸਕੀ | ਵਾਰਡ ਨੰਬਰ ਤਿੰਨ ਦੇ ਵਾਸੀ ਅਜੈਬ ਸਿੰਘ, ਬੂਟਾ ਸਿੰਘ ਬਤਰਾ, ਗੁਰਦੇਵ ਸਿੰਘ, ਅੰਕਿਤ ਕੁਮਾਰ, ਮੋਹਿਤ ਗੋਇਲ, ਜਗਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਕਾਹਨਗੜ੍ਹ ਰੋਡ ਦੇ ਸੱਜੇ ਪਾਸੇ ਪੈਂਦੇ ਇਸ ਵਾਰਡ ਦੀਆਂ ਸਾਰੀਆਂ ਗਲੀਆਂ ਪੱਕੀਆਂ ਹਨ | ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ | ਵਾਰਡ ਦੇ ਕੁੱਝ ਹਿੱਸਿਆਂ ਵਿਚ ਪੀਣ ਵਾਲੇ ਪਾਣੀ ਦੀ ਗਰਮੀਆਂ ਦੇ ਮੌਸਮ ਦੌਰਾਨ ਭਾਰੀ ਕਿੱਲਤ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਬਰਸਾਤਾਂ ਦੇ ਮੌਸਮ 'ਚ ਇਨ੍ਹਾਂ ਮੁਹੱਲਿਆਂ ਤੋਂ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਜਾਣ ਵਾਲੀ ਗਲੀ ਵਿਚ ਦੋ ਦੋ ਫੁੱਟ ਤੋਂ ਵੱਧ ਪਾਣੀ ਭਰ ਜਾਂਦਾ ਹੈ | ਸੀਵਰੇਜ ਦੀ ਸਮੱਸਿਆ ਕਾਰਨ ਬਰਸਾਤਾਂ ਦੇ ਮੌਸਮ ਵਿਚ ਭਰਿਆ ਇਹ ਪਾਣੀ ਕਈ ਕਈ ਦਿਨ ਖੜਾ ਰਹਿੰਦਾ ਹੈ ਜਿਸ ਕਰ ਕੇ ਲੋਕਾਂ ਨੂੰ ਬਾਜ਼ਾਰ ਆਉਣ ਜਾਣ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਬਿਜਲੀ ਦੇ ਖੰਭਿਆਂ ਤੇ ਕੰਧਾਂ ਤੇ ਐਂਗਲ ਨਾਲ ਬੰਨ੍ਹ ਕੇ ਲਿਜਾਈਆਂ ਗਈਆਂ ਬਿਜਲੀ ਦੀਆਂ ਅਤੇ ਟੀ.ਵੀ. ਕੇਬਲ ਤੋਂ ਇਲਾਵਾ ਇੰਟਰਨੈੱਟ ਦੀਆਂ ਬਿਨਾਂ ਕਿਸੇ ਮਨਜ਼ੂਰੀ ਤੋਂ ਪਾਈਆਂ ਹੋਈਆਂ ਤਾਰਾਂ ਹੇਠਾਂ ਲਟਕੀਆਂ ਹੋਈਆਂ ਹਨ | ਇਸ ਵਾਰਡ ਦੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰਡ 'ਚੋਂ ਇਕ ਪਰਿਵਾਰ ਦੇ ਹੀ ਮੈਂਬਰ ਨੂੰ ਤਿੰਨ ਵਾਰ ਕੌਂਸਲਰ ਚੁਣਿਆ ਤੇ ਇਸ ਨੂੰ ਇੱਕ ਵਾਰ ਨਗਰ ਕੌਂਸਲ ਪ੍ਰਧਾਨ ਬਣਨ ਦਾ ਮੌਕਾ ਵੀ ਮਿਲਿਆ ਪਰ ਬਰਸਾਤੀ ਪਾਣੀ ਤੇ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਗਿਆ |