ਸਨੌਰ, 9 ਮਈ (ਮੋਹਣ ਸਿੰਘ ਭੱਟੀ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਅਤੇ ਉੱਘੇ ਸਿੱਖਿਆ ਸ਼ਾਸਤਰੀ ਪਿ੍ੰਸੀਪਲ ਡਾ. ਹਰਦੀਪ ਸਿੰਘ ਤੇਜਾ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸੇ ਲੜੀ ਤਹਿਤ ਉਨ੍ਹਾਂ ਨੇ ਹਲਕਾ ਸਨੌਰ ਦੇ ਆਪਣੇ ਪਿੰਡ ਰਾਠੀਆ ਤੋਂ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਪਿੰਡ ਦੀ ਧਰਮਸ਼ਾਲਾ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਤੇਜਾ ਨੇ ਪੰਜਾਬ ਦੀ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ | ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਮੁੱਖ ਮਕਸਦ ਸਮਾਜ ਦੇ ਦਬੇ-ਕੁਚਲੇ ਵਰਗਾਂ ਦੀ ਆਵਾਜ਼ ਨੂੰ ਵਿਧਾਨ ਸਭਾ ਤੱਕ ਪਹੁੰਚਾਉਣਾ ਹੈ | ਡਾ. ਤੇਜਾ ਨੇ ਆਪਣੇ ਸੰਬੋਧਨ ਵਿਚ ਕਿਸਾਨੀ ਸੰਕਟ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦਾ ਅੰਨਦਾਤਾ ਬਹੁਤ ਹੀ ਨਾਜ਼ੁਕ ਮੋੜ 'ਤੇ ਖੜ੍ਹਾ ਹੈ | ਉਨ੍ਹਾਂ ਅਫ਼ਸੋਸ ਜਤਾਇਆ ਕਿ ਕਿਸਾਨਾਂ ਨੂੰ ਆਪਣੀ ਪਸੀਨੇ ਨਾਲ ਪਾਲੀ ਫ਼ਸਲ ਦਾ ਨਾ ਤਾਂ ਸਹੀ ਮੁੱਲ ਮਿਲ ਰਿਹਾ ਹੈ ਅਤੇ ਨਾ ਹੀ ਮੰਡੀਆਂ ਵਿਚ ਉਨ੍ਹਾਂ ਦੀ ਸਾਰ ਲਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਫ਼ਸਲ ਦੀ ਬਿਜਾਈ ਤੋਂ ਲੈ ਕੇ ਵੇਚਣ ਤੱਕ ਕਿਸਾਨਾਂ ਨੂੰ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉੱਪਰੋਂ ਕੁਦਰਤ ਦੀ ਕਰੋਪੀ ਕਾਰਨ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ | ਉਨ੍ਹਾਂ ਕੇਂਦਰ ਸਰਕਾਰ ਦੀਆਂ 'ਜੀ ਰਾਮ ਜੀ' ਸਕੀਮਾਂ ਸਮੇਤ ਹੋਰ ਕਈ ਜਨ-ਕਲਿਆਣਕਾਰੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਲਈ ਇੱਕ ਵਿਸ਼ੇਸ਼ 'ਐਗਰੀਕਲਚਰਲ ਪਾਲਿਸੀ' (ਖੇਤੀਬਾੜੀ ਨੀਤੀ) ਤਿਆਰ ਕੀਤੀ ਜਾਵੇਗੀ | ਇਸ ਤੋਂ ਇਲਾਵਾ ਫ਼ਸਲੀ ਬੀਮਾ ਯੋਜਨਾ ਲਾਗੂ ਕਰਨਾ, ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣਾ ਅਤੇ ਮਜ਼ਦੂਰਾਂ ਦੀਆਂ ਪੈਂਡਿੰਗ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਪਾਰਟੀ ਦੀ ਮੁੱਖ ਤਰਜੀਹ ਹੋਵੇਗੀ | ਇਸ ਦੌਰਾਨ ਪਿੰਡ ਰਾਠੀਆ ਦੇ ਨਿਵਾਸੀਆਂ ਨੇ ਡਾ. ਤੇਜਾ ਦੇ ਸਾਹਮਣੇ ਇਲਾਕੇ ਦੀਆਂ ਮੁਸ਼ਕਿਲਾਂ ਦਾ ਪਿਟਾਰਾ ਵੀ ਖੋਲਿ੍ਹਆ | ਪਿੰਡ ਵਾਸੀਆਂ ਨੇ ਦੱਸਿਆ ਕਿ ਰਾਠੀਆ ਤੋਂ ਬੋਲੜ ਤੱਕ ਜਾਣ ਵਾਲੀ ਸੜਕ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਉੱਥੋਂ ਵਾਹਨ ਲੰਘਾਉਣਾ ਤਾਂ ਦੂਰ, ਪੈਦਲ ਚੱਲਣਾ ਵੀ ਜੀ ਦਾ ਜੰਜਾਲ ਬਣਿਆ ਹੋਇਆ ਹੈ | ਡਾ. ਤੇਜਾ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਲੈ ਕੇ ਤੁਰੰਤ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਗੱਲਬਾਤ ਕਰਨਗੇ ਅਤੇ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇਗੀ |
ਪਿੰਡ ਵਾਸੀਆਂ ਨੇ ਡਾ. ਤੇਜਾ ਨੇ ਇੱਕਮਤ ਹੋ ਕੇ ਕਿਹਾ ਕਿ ਜੇਕਰ ਡਾ. ਤੇਜਾ ਸਨੌਰ ਹਲਕੇ ਤੋਂ ਵਿਧਾਨ ਸਭਾ ਚੋਣ ਲੜਦੇ ਹਨ, ਤਾਂ ਸਮੁੱਚਾ ਪਿੰਡ ਉਨ੍ਹਾਂ ਦਾ ਪੂਰਨ ਸਮਰਥਨ ਕਰੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਵਤਾਰ ਸਿੰਘ, ਮੋਹਿੰਦਰ ਸਿੰਘ, ਮਲਕੀਤ ਸਿੰਘ ਮੱਲਾ, ਜਸਵਿੰਦਰ ਸਿੰਘ, ਜਥੇਦਾਰ ਗਿਆਨ ਸਿੰਘ, ਬਚਿੱਤਰ ਸਿੰਘ, ਮੇਜਰ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ, ਬਲਕਾਰ ਸਿੰਘ, ਸਾਦੀ ਰਾਮ, ਲਖਵਿੰਦਰ ਸਿੰਘ ਲੱਖਾ ਅਤੇ ਸੰਜੂ
ਭਾਜਪਾ ਆਗੂ ਪਿ੍ੰਸੀਪਲ ਡਾ. ਹਰਦੀਪ ਸਿੰਘ ਤੇਜਾ ਵਲੋਂ ਪਿੰਡ ਰਾਠੀਆ ਤੋਂ ਜਨ ਸੰਪਰਕ ਮੁਹਿੰਮ ਦਾ ਆਗਾਜ਼
ਹਲਕਾ ਸਨੌਰ ਦੇ ਪਿੰਡ ਰਾਠੀਆ ਵਿਖੇ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਮੀਤ ਪ੍ਰਧਾਨ ਪਿ੍ੰਸੀਪਲ ਡਾ. ਹਰਦੀਪ ਸਿੰਘ ਤੇਜਾ | ਉਨ੍ਹਾਂ ਦੇ ਨਾਲ ਅਵਤਾਰ ਸਿੰਘ, ਮੋਹਿੰਦਰ ਸਿੰਘ, ਮਲਕੀਤ ਸਿੰਘ ਮੱਲਾ, ਜਥੇਦਾਰ ਗਿਆਨ ਸਿੰਘ ਅਤੇ ਹੋਰ ਪਤਵੰਤੇ ਸੱਜਣ | ਤਸਵੀਰ ਅਜੀਤ<br/>
10-05-2026