ਦੇਵੀਗੜ੍ਹ, 15 ਮਈ (ਰਾਜਿੰਦਰ ਸਿੰਘ ਮੌਜੀ)-ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੁੜਾ ਨੇੜੇ ਦੇਵੀਗੜ੍ਹ ਦੇ ਐਨ.ਸੀ.ਸੀ. ਵਿੰਗ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਜਥਾ 10 ਦਿਨਾਂ ਦੇ ਸਲਾਨਾ ਟ੍ਰੇਨਿੰਗ ਕੈਂਪ ਲਈ ਰਵਾਨਾ ਹੋਇਆ | ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਕਿਹਾ ਕਿ ਐਨ.ਸੀ.ਸੀ. ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਜੀਵਨ ਜਿਊਣ ਦੀ ਇਕ ਅਨੁਸ਼ਾਸਿਤ ਕਲਾ ਹੈ | ਉਨਾਂ ਕਿਹਾ ਕਿ ਮਾਤਾ ਗੁਜਰੀ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਪੜ੍ਹਾਈ ਦੇ ਨਾਲ-ਨਾਲ ਉਨਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਿਹਾ ਹੈ | ਇਹ 10 ਦਿਨਾਂ ਦਾ ਕੈਂਪ ਸਾਡੇ ਵਿਦਿਆਰਥੀਆਂ ਅੰਦਰ ਲੀਡਰਸ਼ਿਪ , ਏਕਤਾ, ਅਤੇ ਦੇਸ਼ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ | ਅਜਿਹੇ ਕੈਂਪਾਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਦਾ ਹੈ, ਜੋ ਉਨਾਂ ਨੂੰ ਭਵਿੱਖ ਵਿੱਚ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਵਿਚ ਮਦਦਗਾਰ ਸਾਬਤ ਹੁੰਦਾ ਹੈ | ਐਨ.ਸੀ.ਸੀ. ਕੋਚ ਕੇਸ਼ਵ ਕਾਂਤ ਨੇ ਕੈਂਪ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ 10 ਰੋਜ਼ਾ ਕੈਂਪ ਦੌਰਾਨ ਕੈਡਿਟਾਂ ਨੂੰ ਸਵੇਰ ਦੀ ਪੀ.ਟੀ., ਪਰੇਡ, ਹਥਿਆਰ ਚਲਾਉਣ ਦੀ ਮੁਢਲੀ ਸਿਖਲਾਈ , ਅਤੇ ਨਕਸ਼ਾ ਪੜ੍ਹਨ ਵਰਗੀਆਂ ਅਹਿਮ ਗਤੀਵਿਧੀਆਂ ਬਾਰੇ ਸਿਖਾਇਆ ਜਾਵੇਗਾ | ਉਨਾਂ ਕਿਹਾ ਕਿ ਸਾਡੇ ਕੈਡਿਟਾਂ ਵਿੱਚ ਇਸ ਕੈਂਪ ਨੂੰ ਲੈ ਕੇ ਬਹੁਤ ਜ਼ਿਆਦਾ ਜੋਸ਼ ਹੈ | ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਕੈਂਪ ਦਾ ਹਿੱਸਾ ਬਣਨ ਲਈ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸਨ ਅਤੇ ਉੱਥੇ ਨਵੀਆਂ ਕਲਾਵਾਂ ਸਿੱਖਣ ਲਈ ਬਹੁਤ ਉਤਸੁਕ ਹਨ | ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸਾਰੇ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਫ਼ਲਤਾਪੂਰਵਕ ਕੈਂਪ ਪੂਰਾ ਕਰਨ ਦੀ ਕਾਮਨਾ ਕੀਤੀ |