ਭੁੱਹਰਹੇੜੀ, 15 ਮਈ (ਧਨਵੰਤ ਸਿੰਘ)-ਸਰਕਾਰੀ ਸਕੂਲ ਆਫ ਐਮੀਨੈਂਸ ਭੁੱਨਰਹੇੜੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ | ਵਿਦਿਆਰਥਣ ਨਿਸ਼ਾ ਕੌਰ ਨੇ ਬਾਰਹਵੀਂ ਜਮਾਤ ਮੈਡੀਕਲ (ਸਾਇੰਸ ਸਿਸਟਮ) ਵਿਚੋਂ 500 ਵਿੱਚੋਂ 491 ਅੰਕ ਪ੍ਰਾਪਤ ਕਰਕੇ 98.20 ਪ੍ਰਤੀਸ਼ਤ ਅੰਕ ਹਾਸਲ ਕੀਤੇ ਅਤੇ ਸੂਬਾ ਮੈਰਿਟ ਸੂਚੀ ਵਿਚ ਆਪਣਾ ਸਥਾਨ ਬਣਾਇਆ | ਇਸੇ ਤਰਾਂ ਦਸਵੀਂ ਜਮਾਤ ਦੀ ਵਿਦਿਆਰਥਣ ਸੁਰੂਚੀ ਨੇ 650 ਵਿੱਚੋਂ 622 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਵਿਚ ਖੁਸ਼ੀ ਅਤੇ ਗੌਰਵ ਦਾ ਮਾਹੌਲ ਦੇਖਣ ਨੂੰ ਮਿਲਿਆ | ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਨਿਸ਼ਾ ਕੌਰ ਨੂੰ ਉਸ ਦੀ ਇਸ ਵੱਡੀ ਪ੍ਰਾਪਤੀ ਲਈ 5100 ਰੁਪਏ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰਮਾਤਮਾ ਦਾ ਸੁਕਰਾਨਾ ਕਰਨ ਲਈ ਸਥਾਨਕ ਗੁਰਦਵਾਰਾ ਸਾਹਿਬ ਅਰਦਾਸ ਕਰਵਾਉਣ ਲਈ ਪੁਹੰਚੇ | ਇਸ ਸਮੇਂ ਸਕੂਲ ਦੇ ਅਧਿਆਪਕ ਕੁਲਸ਼ਨ ਸੈਣੀ, ਮੁਨੀਸ਼ ਕੁਮਾਰ, ਸੁਖਜੀਤ ਸਿੰਘ, ਅਵਤਾਰ ਗਿਰ, ਸੀਮਾ ਰਾਣੀ, ਸ਼ਿਵਾਨੀ ਕੌਸ਼ਲ, ਰਾਜਵੀਰ ਕੌਰ, ਅਨੂ ਬਾਲਾ ਆਦਿ ਵੀ ਮੌਜੂਦ ਸਨ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼ਿਵਚਰਨ ਗਿਰ ਅਤੇ ਪ੍ਰਸਿੱਧ ਸ਼ਖਸੀਅਤ ਗੁਰਮੀਤ ਸਿੰਘ ਬਿੱਟੂ ਨੇ ਵੀ ਨਿਸ਼ਾ ਕੌਰ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਉਸ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਹਰਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਅਧਿਆਪਕਾਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ | ਉਨਾਂ ਕਿਹਾ ਕਿ ਸਕੂਲ ਭਵਿੱਖ 'ਚ ਵੀ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਵਚਨਬੱਧ ਰਹੇਗਾ |