ਭੁੱਨਰਹੇੜੀ, 21 ਮਈ (ਧਨਵੰਤ ਸਿੰਘ)-ਸਥਾਨਕ ਇਲਾਕੇ ਦੇ ਤਿੰਨ ਪਿੰਡਾਂ ਦੇ ਵਸਨੀਕਾਂ ਵਲੋਂ ਛੇ ਦਿਨਾਂ ਤੋਂ ਲਗਾਤਾਰ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਤੰਗ ਆ ਕੇ ਪਟਿਆਲਾ-ਪਿਹੋਵਾ ਮਾਰਗ 'ਤੇ ਪਿੰਡ ਬਹਿਲ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ | ਅੱਤ ਗਰਮੀ ਦੇ ਤਪਦੇ ਮੌਸਮ ਵਿਚ ਬਿਜਲੀ ਨਾ ਆਉਣ ਕਾਰਨ ਖਪਤਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਸਨ, ਜਿਸ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਪਾਵਰਕੌਮ ਪ੍ਰਸ਼ਾਸਨ ਖਿਲਾਫ਼ ਸੜਕ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ | ਇਸ ਰੋਸ ਪ੍ਰਦਰਸ਼ਨ ਵਿਚ ਪੂਨੀਆਂ ਖਾਨਾ, ਨੈਣਕਲਾਂ, ਤੇਜਾਂ ਆਦਿ ਦੇ ਖਪਤਕਾਰ ਮੌਜੂਦ ਸਨ | ਉਨ੍ਹਾਂ ਕਿਹਾ ਕਿ ਇਕ ਹਫਤੇ ਤੋਂ ਘਰੇਲੂ ਅਤੇ ਖੇਤੀ ਸੈਕਟਰ ਦੀ ਸਪਲਾਈ ਠੱਪ ਪਈ ਹੈ, ਸਾਡੀ ਸੁਣਵਾਈ ਨਹੀਂ ਹੋ ਰਹੀ, ਅਸੀਂ ਮਜਬੂਰ ਹੋ ਕੇ ਸੜਕਾਂ 'ਤੇ ਨਿਕਲੇ ਹਾਂ | ਪਿਹੋਵਾ ਪਟਿਆਲਾ ਮੁਖ ਸੜਕ ਉੱਪਰ ਲੱਗੇ ਧਰਨੇ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ | ਗਰਮੀ ਵਿਚ ਜਾਮ 'ਚ ਫਸੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਰੀਬ ਦੋ ਘੰਟਿਆਂ ਤੱਕ ਆਵਾਜਾਈ ਬੰਦ ਰਹਿਣ ਕਾਰਨ ਸਫਰ ਕਰਨ ਵਾਲੇ ਮੁਸਾਫ਼ਿਰ ਨੂੰ ਔਖੇ ਹੋਣਾ ਪਿਆ | ਇਸ ਧਰਨੇ ਦੌਰਾਨ ਇਕ ਵਖਰੀ ਘਟਨਾ ਵੀ ਸਾਹਮਣੇ ਆਈ, ਜਦੋ ਮਾਹੌਲ ਤਣਾਅਪੂਰਨ ਬਣ ਗਿਆ, ਹਰਿਆਣਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਵੱਲ ਜਾ ਰਹੇ ਇਕ ਕਾਰ ਸਵਾਰ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ | ਸੜਕ ਜਾਮ ਦੇਖ ਕੇ ਉਹ ਗੁੱਸੇ ਵਿਚ ਆ ਗਿਆ ਅਤੇ ਧਰਨਾਕਾਰੀਆਂ ਨੂੰ ਰਸਤਾ ਖੋਲ੍ਹਣ ਲਈ ਕਹਿਣ ਲੱਗ ਪਿਆ | ਗੱਲ ਇੱਥੋਂ ਤੱਕ ਵੱਧ ਗਈ ਕਿ ਉਸ ਨੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇ ਰਸਤਾ ਨਾ ਖੋਲਿ੍ਹਆ ਗਿਆ ਤਾਂ ਉਹ ਗੋਲੀ ਮਾਰ ਦੇਵੇਗਾ | ਇਸ ਦੌਰਾਨ ਕਾਰ ਸਵਾਰ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਲੋਕਾਂ ਨਾਲ ਬਹਿਸ ਕਰਨ ਲੱਗ ਪਿਆ, ਜਿਸ ਨਾਲ ਮਾਹੌਲ ਹੋਰ ਵੀ ਤਣਾਭਰਪੂਰ ਹੋ ਗਿਆ | ਹਾਲਾਂਕਿ ਧਰਨੇ ਵਿੱਚ ਮੌਜੂਦ ਨੌਜਵਾਨਾਂ ਨੇ ਸਖ਼ਤ ਰੁਖ ਅਪਣਾਇਆ | ਪਰ ਸਥਿਤੀ ਨੂੰ ਕਾਬੂ ਵਿਚ ਰੱਖਿਆ | ਨੌਜਵਾਨਾਂ ਦੀ ਦਿ੍ੜਤਾ ਦੇਖਦੇ ਹੋਏ ਕਾਰ ਸਵਾਰ ਵਾਪਸ ਆਪਣੀ ਗੱਡੀ ਵੱਲ ਮੁੜ ਗਿਆ, ਜਿਸ ਤੋਂ ਬਾਅਦ ਮਾਹੌਲ ਦੁਬਾਰਾ ਸ਼ਾਂਤ ਹੋ ਗਿਆ | ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਐਸ.ਡੀ.ਓ ਮੌਕੇ 'ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਵਲੋਂ ਜਲਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ | ਇਲਾਕੇ ਵਿਚ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ | ਬਿਜਲੀ ਬਹਾਲ ਹੋਣ ਤੋਂ ਬਾਅਦ ਲੋਕਾਂ ਨੇ ਧਰਨਾ ਖਤਮ ਕਰ ਦਿੱਤਾ ਅਤੇ ਆਵਾਜਾਈ ਨੂੰ ਦੁਬਾਰਾ ਸੁਚਾਰੂ ਕਰ ਦਿੱਤਾ ਗਿਆ | ਇਸ ਰੋਸ ਮੁਜਾਹਰੇ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਲਾਲੀ, ਜਪਾਨੀ ਪੂਨੀਆਂ, ਗੁਰਮੀਤ ਸਿੰਘ ਪੂਨੀਆਂ, ਭੁਪਿੰਦਰ ਸਿੰਘ ਨੈਣਕਲਾਂ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ, ਰਿੱੱਖੀ ਰਾਮ ਤੇਜਾਂ ਗੁਰਜੀਤ ਸਿੰਘ ਉਪਲੀ ਸਮੇਤ ਹੋਰ ਖਪਤਕਾਰ ਅਤੇ ਔਰਤਾਂ ਵੀ ਮੌਜੂਦ ਸਨ |