ਪਟਿਆਲਾ, 21 ਮਈ (ਮਨਦੀਪ ਸਿੰਘ ਖਰੌੜ)-ਦਿੱਲੀ ਤੋਂ ਪੰਜਾਬ ਲੈ ਕੇ ਆ ਰਹੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮਾਂ ਨੂੰ ਥਾਣਾ ਸ਼ੰਭੂ ਦੇ ਐਸ.ਐੱਚ.ਓ. ਸਵਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ਼ੰਭੂ ਬਾਰਡਰ 'ਤੇ ਨਾਕੇਬੰਦੀ ਦੌਰਾਨ ਗਿ੍ਫ਼ਤਾਰ ਕਰ ਲਿਆ ਹੈ | ਜਿਨ੍ਹਾਂ ਦੀ ਤਲਾਸ਼ੀ ਦੌਰਾਨ 1 ਲੱਖ 70 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਆਕਾਸ਼ਦੀਪ ਸਿੰਘ ਅਤੇ ਅਜੈਪਾਲ ਸਿੰਘ ਵਾਸੀਅਨ ਜ਼ਿਲ੍ਹਾ ਅੰਮਿ੍ਤਸਰ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਇਹ ਗੋਲੀਆਂ ਉਹ ਦਿੱਲੀ ਤੋਂ ਲੈ ਕੇ ਆਏ ਹਨ ਪ੍ਰੰਤੂ ਪੰਜਾਬ ਦੇ ਵਿਚ ਇਹ ਨਸ਼ੀਲੇ ਪਦਾਰਥ ਮੁਲਜ਼ਮਾਂ ਨੇ ਕਿੱਥੇ ਪਹੁੰਚਾਉਣੇ ਸੀ ਇਸ ਸੰਬੰਧੀ ਹਾਲੇ ਪੜਤਾਲ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਦੋਨੋਂ ਮੁਲਜ਼ਮ ਪਾਕਿਸਤਾਨ ਬਾਰਡਰ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ | ਪੁਲਿਸ ਇਸ ਕੇਸ ਨੂੰ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ | ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਤਰਨਤਾਰਨ 'ਚ ਕੇਸ ਦਰਜ ਹਨ | ਹੁਣ ਤਕ ਮੁਲਜ਼ਮ ਨਸ਼ੇ ਦੀਆਂ ਕਿੰਨੀਆਂ ਖੇਪਾਂ ਲੈ ਕੇ ਆਏ ਹਨ ਜਾਂ ਫੇਰ ਇਹ ਏਨੀ ਵੱਡੀ ਗਿਣਤੀ ਵਿਚ ਗੋਲੀਆਂ ਪਹਿਲੀ ਵਾਰੀ ਲੈ ਕੇ ਆਏ ਹਨ ਇਸ ਦੀ ਜਾਂਚ ਚੱਲ ਰਹੀ ਹੈ | ਐਸ.ਐਸ.ਪੀ. ਸ਼ਰਮਾ ਨੇ ਕਿਹਾ ਕਿ ਮੁਲਜ਼ਮ ਦਿੱਲੀ ਤੋਂ ਕਿਥੋਂ ਇਹ ਗੋਲੀਆਂ ਲੈ ਕੇ ਆਏ ਹਨ ਅਤੇ ਕਿਹੜੀ ਫਾਰਮਾਸਿਊਟੀਕਲ ਕੰਪਨੀ 'ਚ ਇਹ ਗੋਲੀਆਂ ਬਣੀਆਂ ਹਨ ਇਸ ਸੰਬੰਧੀ ਵੀ ਜਾਂਚ ਪੜਤਾਲ ਜਾਰੀ ਹੈ | ਫ਼ਿਲਹਾਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |