ਸੰਗਰੂਰ, 21 ਮਈ (ਸੁਖਵਿੰਦਰ ਸਿੰਘ ਫੁੱਲ) ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵਲੋਂ ਅੱਜ ਪਿੰਡ ਜੌਲੀਆਂ ਦਾ ਇੱਕ ਵਿਸ਼ੇਸ਼ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਨੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਮੁੱਚੀ ਪੰਚਾਇਤ ਟੀਮ ਨਾਲ ਇੱਕ ਅਹਿਮ ਅਤੇ ਵਿਸ਼ੇਸ਼ ਬੈਠਕ ਕੀਤੀ, ਜਿਸ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਅਤੇ ਸਥਾਨਕ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ | ਬੈਠਕ ਦੌਰਾਨ ਚੇਅਰਮੈਨ ਮਿੰਕੂ ਜਵੰਧਾ ਨੂੰ ਪਿੰਡ ਦੀ ਪੰਚਾਇਤ ਟੀਮ ਦੇ ਵੱਖ-ਵੱਖ ਮੈਂਬਰਾਂ ਨਾਲ ਰੂ-ਬ-ਰੂ ਹੋਣ ਅਤੇ ਮਿਲਣ ਦਾ ਮੌਕਾ ਮਿਲਿਆ | ਇਸ ਮੌਕੇ ਪੰਚਾਇਤ ਮੈਂਬਰ ਬੇਅੰਤ ਸਿੰਘ, ਜਗਜੀਤ ਸਿੰਘ, ਗੁਰਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਰਮਨਦੀਪ ਸਿੰਘ, ਪਰਵਿੰਦਰ ਸਿੰਘ, ਲਖਵੀਰ ਸਿੰਘ ਅਤੇ ਜਸ਼ਨ ਕਪਿਆਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਡਾਕਟਰ ਮਿੰਕੂ ਜਵੰਧਾ ਨੇ ਪਿੰਡ ਜੌਲੀਆਂ ਵਿੱਚ ਚੱਲ ਰਹੇ ਅਤੇ ਆਉਣ ਵਾਲੇ ਵਿਕਾਸ ਪ੍ਰੋਜੈਕਟਾਂ ਬਾਰੇ ਸਰਪੰਚ ਅਤੇ ਪੰਚਾਂ ਤੋਂ ਫੀਡਬੈਕ ਲਿਆ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਅਤੇ ਨੌਜਵਾਨਾਂ ਨੂੰ ਤਕਨੀਕੀ ਤੇ ਰੁਜ਼ਗਾਰ ਦੇ ਮੁਕਾਬਲਿਆਂ ਵਿੱਚ ਅੱਗੇ ਲਿਆਉਣ ਲਈ ਵਚਨਬੱਧ ਹੈ | ਪੰਚਾਇਤ ਮੈਂਬਰਾਂ ਨੇ ਪਿੰਡ ਦੀਆਂ ਮੁੱਖ ਲੋੜਾਂ ਅਤੇ ਸਮੱਸਿਆਵਾਂ ਚੇਅਰਮੈਨ ਦੇ ਸਾਹਮਣੇ ਰੱਖੀਆਂ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਉਨ੍ਹਾਂ ਕਿਹਾ ਪਿੰਡਾਂ ਦਾ ਸਰਬਪੱਖੀ ਵਿਕਾਸ ਹੀ ਪੰਜਾਬ ਦੀ ਤਰੱਕੀ ਦੀ ਨੀਂਹ ਹੈ | ਪਿੰਡ ਜੌਲੀਆਂ ਦੀ ਸਮੁੱਚੀ ਪੰਚਾਇਤ ਟੀਮ ਜਿਸ ਉਤਸ਼ਾਹ ਨਾਲ ਕੰਮ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਮੁੱਚੀ ਪੰਚਾਇਤ ਵੱਲੋਂ ਚੇਅਰਮੈਨ ਡਾਕਟਰ ਜਵੰਧਾ ਦਾ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ |