ਪਾਤੜਾਂ, 24 ਮਈ (ਜਗਦੀਸ ਸਿੰਘ ਕੰਬੋਜ)-ਐਫਸੀਆਈ ਦੇ ਠੇਕੇਦਾਰ ਵਲੋਂ ਪਾਤੜਾਂ ਤੋਂ ਅਨਾਜ ਦੀ ਢੋਆ ਢੁਆਈ ਨੂੰ ਲੈ ਕੇ ਰਾਜਨੀਤਿਕ ਦਖ਼ਲਅੰਦਾਜ਼ੀ ਕਰਕੇ ਠੇਕੇਦਾਰ ਨੇ ਹਾਈ ਕੋਰਟ 'ਚ ਗੁਹਾਰ ਲਾਈ ਸੀ ਜਿਸ ਮਗਰੋਂ ਮਿਲੇ ਹੁਕਮਾਂ ਤਹਿਤ ਪ੍ਰਸ਼ਾਸਨ ਵਲੋਂ ਮਾਲ ਦੀ ਢੋਆ ਢੁਆਈ ਲਈ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਸੀ | ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਐਫਸੀਆਈ ਕੰਟਰੈਕਟਰ ਨੇ ਆਪਣੀਆਂ ਗੱਡੀਆਂ ਬਾਹਰੋਂ ਲਿਆ ਕੇ ਪਾਤੜਾਂ ਵਿਚੋਂ ਅਨਾਜ ਦੀ ਢੋਆ ਢੁਆਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਗਾਤਾਰ ਹੋ ਰਹੇ ਸ਼ੋਸ਼ਣ ਤੋਂ ਦੁਖੀ ਟਰੱਕ ਮਾਲਕਾਂ ਅਤੇ ਡਰਾਈਵਰਾਂ ਨੇ ਠੇਕੇਦਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਹੋਈ ਤਕਰਾਰ ਨੂੰ ਲੈ ਕੇ ਭੜਕੇ ਕੁਝ ਲੋਕਾਂ ਨੇ ਠੇਕੇਦਾਰ ਵਲੋਂ ਲਿਆਂਦੀਆਂ ਗੱਡੀਆਂ ਦੇ ਭੰਨ ਤੋੜ ਕੀਤੀ ਅਤੇ ਪੁਲਿਸ ਨੇ ਹਲਕਾ ਲਾਠੀ ਚਾਰਜ ਕਰਕੇ ਭੀੜ ਨੂੰ ਖਿਲਾਰਿਆ | ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਨੇ ਦੱਸਿਆ ਕਿ ਟਰੱਕ ਯੂਨੀਅਨ ਵਿਚ 550 ਤੋਂ ਵੱਧ ਟਰੱਕ ਆਪਰੇਟਰ ਹਨ ਅਤੇ ਇਹਨਾਂ ਨਾਲ ਜੁੜੇ ਵੱਡੀ ਗਿਣਤੀ ਵਿਚ ਪਰਿਵਾਰ ਇਸ ਰੁਜ਼ਗਾਰ ਦੇ ਸਹਾਰੇ ਆਪਣੇ ਪਰਿਵਾਰਾਂ ਦਾ ਪਾਲਨ ਪੋਸ਼ਣ ਕਰ ਰਹੇ ਹਨ | ਉਨਾਂ ਦੱਸਿਆ ਕਿ ਐਫਸੀਆਈ ਵਲੋਂ ਜਾਰੀ ਕੀਤੇ ਗਏ ਤਾਜਾ ਟੈਂਡਰਾਂ ਦੇ ਠੇਕੇਦਾਰ ਵਲੋਂ ਟਰੱਕ ਯੂਨੀਅਨ ਵਿਚੋਂ ਟਰੱਕ ਲੈਣ ਦੀ ਬਜਾਏ ਬਾਹਰੋਂ ਟਰੱਕ ਲਿਆ ਕੇ ਮਾਲ ਦੀ ਢੋਹ ਢੁਆਈ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਜਿਸ ਨੂੰ ਟਰੱਕ ਆਪਰੇਟਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਉਨਾਂ ਕਿਹਾ ਕਿ ਠੇਕੇਦਾਰ ਵਲੋਂ ਘੱਟ ਰੇਟ 'ਤੇ ਗੱਡੀਆਂ ਮੰਗੀਆਂ ਜਾ ਰਹੀਆਂ ਸੀ ਪਰ ਆਪ੍ਰੇਟਰਾਂ ਨਾਲ ਸਹਿਮਤੀ ਬਣਾਉਣ ਦੀ ਬਜਾਏ ਠੇਕੇਦਾਰ ਧੱਕੇਸਾਹੀਆਂ 'ਤੇ ਉਤਰ ਆਇਆ ਹੈ | ਇਸ ਦੌਰਾਨ ਉਨਾਂ ਨਾਲ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਅਮੀਰ ਸਿੰਘ, ਹਰਦੀਪ ਸਿੰਘ, ਰਛਪਾਲ ਸਿੰਘ, ਜਨਕ ਰਾਜ, ਜੱਸਾ ਸਿੰਘ, ਅਮਨਦੀਪ ਸਿੰਘ ਨਿਆਲ, ਗੁਰਦਾਸ ਸਿੰਘ ਫ਼ੌਜੀ, ਤੇਜਾ ਸਿੰਘ, ਬਿੰਦਰ ਸਿੰਘ ਦਿਓਗੜ, ਧਰਮ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ | ਦੂਜੇ ਪਾਸੇ ਟੈਂਡਰ ਠੇਕੇਦਾਰ ਮਨਜੀਤ ਦੇਵੀ ਦੇ ਪਤੀ ਵਿਜੈ ਕੁਮਾਰ ਨੇ ਦੱਸਿਆ ਕਿ ਐਫ.ਸੀ.ਆਈ. ਵਲੋਂ ਜਾਰੀ ਟੈਂਡਰ ਤਹਿਤ ਉਹ ਗੱਡੀਆਂ ਲੈਣ ਲਈ ਟਰੱਕ ਯੂਨੀਅਨ ਵਿਚ ਗਏ ਸੀ ਪਰ ਯੂਨੀਅਨ ਪ੍ਰਧਾਨ ਵਲੋਂ ਉਨਾਂ ਨੂੰ ਗੱਡੀਆਂ ਦੇਣ ਤੋਂ ਮਨਾ ਕਰ ਦਿੱਤਾ ਗਿਆ, ਜਿਸ ਕਰਕੇ ਉਨਾਂ ਨੂੰ ਬਾਹਰੋਂ ਗੱਡੀਆਂ ਮੰਗਵਾਉਣੀਆਂ ਪਈਆਂ | ਕਿਸੇ ਵੀ ਤਰਾਂ ਦਾ ਵਿਵਾਦ ਪੈਦਾ ਹੋਣ ਦੇ ਡਰੋਂ ਉਨਾਂ ਮਾਨਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ | ਜਿਸ ਦੇ ਤਹਿਤ ਉਹ ਡਿਊਟੀ ਮੈਜਿਸਟਰੇਟ ਦੀ ਹਾਜਰੀ ਵਿਚ ਪੁਲਿਸ ਪ੍ਰਸ਼ਾਸਨ ਮਦਦ ਨਾਲ ਗੱਡੀਆਂ ਵਿਚ ਮਾਲ ਲੋਡ ਕਰ ਰਹੇ ਸੀ ਪਰ ਟਰੱਕ ਯੂਨੀਅਨ ਦੇ ਆਗੂਆਂ ਦੀ ਮੌਜੂਦਗੀ ਵਿਚ ਸ਼ਰਾਰਤੀ ਅਨਸਰਾਂ ਨੇ ਉੱਥੇ ਪਹੁੰਚ ਕੇ ਗੱਡੀਆਂ ਨਾਲ ਭੰਨਤੋੜ ਕੀਤੀ ਹੈ | ਮਾਮਲੇ ਸੰਬੰਧੀ ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਨਿਯੁਕਤ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ | ਦੋਵਾਂ ਧਿਰਾਂ ਵਿਚਕਾਰ ਭਾੜੇ ਦੇ ਰੇਟ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਬਹੁਤ ਜਲਦੀ ਮਾਮਲੇ ਦਾ ਹੱਲ ਕਰ ਲਿਆ ਜਾਵੇਗਾ |