ਆਰ.ਸੀ.ਐਫ. ਵਿਚ ਕਰਵਾਏ ਰੋਜ਼ਗਾਰ ਮੇਲੇ ਵਿਚ 93 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ
ਕਪੂਰਥਲਾ, 23 ਮਈ (ਅਮਰਜੀਤ ਕੋਮਲ)-ਜਿਹੜੇ ਨੌਜਵਾਨਾਂ ਨੂੰ ਨੌਕਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ ਉਹ ਸਮਾਜ ਸੇਵਾ ਦੇ ਨਾਲ-ਨਾਲ ਰਾਸ਼ਟਰ ਦੇ ਨਿਰਮਾਣ ਵਿਚ ਵੀ ਆਪਣਾ ਯੋਗਦਾਨ ਪਾਉਣ | ਇਹ ਪ੍ਰਗਟਾਵਾ ਹਰਦੀਪ ਸਿੰਘ ਪੁਰੀ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਭਾਰਤ ਸਰਕਾਰ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਵਾਰਿਸ ਸ਼ਾਹ ਹਾਲ ਵਿਚ 19ਵੇਂ ਰੋਜ਼ਗਾਰ ਮੇਲੇ ਮੌਕੇ 93 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਦੇਣ ਸਬੰਧੀ ਨਿਯੁਕਤੀ ਪੱਤਰ ਤਕਸੀਮ ਕਰਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਬੇਹੱਦ ਗੰਭੀਰ ਹਨ ਤੇ ਨੌਜਵਾਨਾਂ ਲਈ ਲਗਾਤਾਰ ਨਵੇਂ ਰੋਜ਼ਗਾਰ ਪੈਦਾ ਕਰਨ ਲਈ ਯਤਨਸ਼ੀਲ ਹਨ | ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿਚ ਭਾਗੀਦਾਰ ਬਣਾਉਣਾ ਹੈ | ਉਨ੍ਹਾਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ ਹਨ ਉਹ ਡਾਕ ਵਿਭਾਗ, ਰੇਲਵੇ, ਐਮ.ਈ.ਐਸ., ਗ੍ਰਹਿ ਮੰਤਰਾਲਾ, ਵਿੱਤ ਮੰਤਰਾਲਾ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਉਚੇਰੀ ਸਿੱਖਿਆ ਵਿਭਾਗ ਆਦਿ ਵਿਚ ਆਪਣੀਆਂ ਸੇਵਾਵਾਂ ਦੇਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਰੋਜ਼ਗਾਰ ਮੇਲੇ ਲਗਾਏ ਜਾਣਗੇ | ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿਚ ਕੇਂਦਰ ਸਰਕਾਰ ਵਲੋਂ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ | ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੇ ਕੇਂਦਰ ਸਰਕਾਰ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰ ਦੀ ਇਸ ਪਹਿਲ ਨਾਲ ਉਨ੍ਹਾਂ ਨੂੰ ਨਵੀਂ ਉਮੀਦ ਮਿਲੀ ਹੈ ਤੇ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ | ਇਸਤੋਂ ਪਹਿਲਾਂ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਨੇ ਹਰਦੀਪ ਸਿੰਘ ਪੁਰੀ ਨੂੰ ਜੀ ਆਇਆਂ ਕਿਹਾ | ਸਮਾਗਮ ਵਿਚ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ, ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੋਂ ਇਲਾਵਾ ਆਰ.ਸੀ.ਐਫ. ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਅਧਿਕਾਰੀ, ਸਿਵਲ ਅਧਿਕਾਰੀ ਤੇ ਆਰ.ਸੀ.ਐਫ. ਦੀ ਮਾਨਤਾ ਪ੍ਰਾਪਤ ਜਥੇਬੰਦੀਆਂ ਦੇ ਆਗੂ ਤੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਸਮਾਜ ਸੇਵਾ ਦੇ ਨਾਲ ਰਾਸ਼ਟਰ ਦੇ ਨਿਰਮਾਣ ਵਿਚ ਵੀ ਆਪਣਾ ਯੋਗਦਾਨ ਪਾਉਣ-ਹਰਦੀਪ ਸਿੰਘ ਪੁਰੀ
ਅਜੀਤ ਡੈਸਕ
24-05-2026